ਅਮਨਦੀਪ ਮਹਿਰੋਕ, ਦੇਵੀਗੜ੍ਹ : ਪਿੰਡ ਹੜਾਨਾ 'ਚ ਪਾਣੀ ਦੀ ਟੂਟੀ ਚਲਾਉਣ ਤੋਂ ਰੋਕਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਸਾਬਕਾ ਸਰਪੰਚ ਜਰਨੈਲ ਸਿੰਘ ਦੀ ਚਾਰ ਵਿਅਕਤੀਆਂ ਵੱਲੋਂ ਗਲ਼ੀ 'ਚ ਘੇਰ ਕੇ ਕੀਤੀ ਗਈ ਕੁੱਟਮਾਰ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਡੀਐੱਸਪੀ ਦਿਹਾਤੀ ਅਜੇਪਾਲ ਸਿੰਘ ਅਤੇ ਹੋਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਪਿੰਡ ਹੜਾਨਾ ਵਿਖੇ ਤੂੜੀ ਦੇ ਕੁੱਪਾਂ ਨੇੜੇ ਸਥਿਤ ਪਾਣੀ ਦੀ ਟੂਟੀ ਨੂੰ ਲੈ ਕੇ ਸਾਬਕਾ ਸਰਪੰਚ ਜਰਨੈਲ ਸਿੰਘ ਅਤੇ ਕਈ ਹੋਰ ਵਿਅਕਤੀਆਂ ਵਿਚਕਾਰ ਤੂੰ-ਤੂੰ ਮੈਂ ਮੈਂ ਹੋ ਗਈ। ਸਾਬਕਾ ਸਰਪੰਚ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਕਈ ਵਾਰ ਟੂਟੀ ਖੁੱਲ੍ਹੀ ਛੱਡ ਦਿੰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਕੁੱਪਾਂ 'ਚ ਪਾਣੀ ਵੜ ਜਾਂਦਾ ਹੈ ਅਤੇ ਉਸ ਦੀ ਤੂੜੀ ਖ਼ਰਾਬ ਹੋ ਜਾਂਦੀ ਹੈ।

ਇਸ ਦੋਰਾਨ ਸ਼ਨਿਚਰਵਾਰ ਨੂੰ ਫਿਰ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਟੂਟੀ ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਤੇ ਟੂਟੀ ਚਲਾਉਣ ਵਾਲੇ ਵਿਅਕਤੀਆਂ ਨੇ ਜਰਨੈਲ ਸਿੰਘ ਨੂੰ ਘਰ ਨੇੜੇ ਗਲੀ 'ਚ ਘੇਰ ਕੇ ਉਸ ਦੀ ਕੁੱਟਮਾਰ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਫੱਟੜ ਜਰਨੈਲ ਸਿੰਘ ਨੂੰ ਜਦੋਂ ਹਸਪਤਾਲ ਦਾਖ਼ਲ ਕਰਾਇਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਜਸਵੰਤ ਸਿੰਘ, ਕਰਨੈਲ ਸਿੰਘ ਪੁੱਤਰ ਰਾਮ ਕਿਸ਼ਨ, ਰੋਹੀ ਰਾਮ ਪੁੱਤਰ ਪਾਲਾ ਰਾਮ ਤੇ ਇਕ ਹੋਰ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।