ਹਰਿੰਦਰ ਸ਼ਾਰਦਾ, ਪਟਿਆਲਾ : ਥਾਣਾ ਬਖ਼ਸ਼ੀਵਾਲ ਅਧੀਨ ਪੈਂਦੇ ਖ਼ਾਲਸਾ ਨਗਰ ਵਾਸੀ ਸੱਤ ਸਾਲਾ ਬੱਚੇ ਨੂੰ ਬਦਫੈਲੀ ਕਰਨ ਤੋਂ ਬਾਅਦ ਉਸ ਦਾ ਗਲ਼ਾ ਘੁੱਟ ਕੇ ਮੁਲਜ਼ਮ ਨੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ। 10 ਦਸੰਬਰ ਦੀ ਰਾਤ ਗੁਆਂਢੀਆਂ ਦੇ ਵਿਆਹ ਸਮਾਗਮ 'ਚੋਂ ਲਾਪਤਾ ਹੋਏ ਬੱਚੇ ਦੀ ਤਲਾਸ਼ ਵਿਚ ਜੁਟੀ ਪੁਲਿਸ ਪਾਰਟੀ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਡੀਜੇ ਸੰਚਾਲਕ ਲਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਕਤ ਵਿਅਕਤੀ ਲੜਕੇ ਦੇ ਮਾਪਿਆਂ ਨਾਲ ਹੋਏ ਝਗੜੇ ਦੀ ਰੰਜ਼ਿਸ਼ ਦੇ ਚੱਲਦਿਆਂ ਬੱਚੇ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਭਾਖੜਾ ਨਹਿਰ ਕਿਨਾਰੇ ਲੈ ਗਿਆ ਸੀ, ਜਿਥੇ ਉਸ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ।

ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਸ ਦਾ ਖ਼ੁਲਾਸਾ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਸ਼ਨਿਚਰਵਾਰ ਨੂੰ ਕੀਤੀ ਪੱਤਰਕਾਰ ਮਿਲਣੀ ਦੌਰਾਨ ਕੀਤਾ। ਐੱਸਪੀ ਸਿਟੀ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਉਸ ਨੇ ਇਕੱਲੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਕਿ ਹੋਰ ਵਿਅਕਤੀ ਉਸ ਨਾਲ ਮੌਜੂਦ ਸਨ। ਮੁਲਜ਼ਮ ਨੇ 10 ਦਸੰਬਰ ਦੀ ਰਾਤ 12 ਵਜੇ ਤੋਂ ਲੈ ਕੇ ਤਿੰਨ ਵਜੇ ਤਕ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

ਮੁਲਜ਼ਮ ਨੇ ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜ਼ਾਮ

ਘਟਨਾ ਵਾਲੀ ਰਾਤ ਉਕਤ ਬੱਚਾ ਤੇ ਉਸ ਦੇ ਦੋਵੇਂ ਵੱਡੇ ਭਰਾ ਗੁਆਂਢੀਆਂ ਦੇ ਵਿਆਹ ਸਮਾਗਮ ਵਿਚ ਗਏ ਹੋਏ ਸਨ, ਉਥੋਂ ਵੱਡਾ ਭਰਾ ਵਾਪਸ ਘਰ ਪਰਤ ਆਇਆ, ਪਰੰਤੂ ਸਭ ਤੋਂ ਵੱਡਾ ਭਰਾ ਤੇ ਉਕਤ ਬੱਚਾ ਵਿਆਹ ਵਾਲੇ ਘਰ ਵਿਚ ਹੀ ਰੁਕ ਗਏ। ਵਿਆਹ ਸਮਾਗਮ ਵਿਚ ਦੋਵੇਂ ਭਰਾ ਪੈਸੇ ਲੁੱਟ ਰਹੇ ਸਨ, ਜਿਸ ਨੂੰ ਡੀਜੇ ਮਾਲਕ ਲਖਵਿੰਦਰ ਸਿੰਘ ਨੇ ਪੈਸੇ ਲੁੱਟਣ ਤੋਂ ਰੋਕ ਦਿੱਤਾ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਲਖਵਿੰਦਰ ਨੇ ਕਿਹਾ ਸੀ ਕਿ ਜੇਕਰ ਉਸ ਕੋਲ ਮੋਬਾਈਲ ਫੋਨ ਹੈ ਤਾਂ ਉਹ ਉਸ ਨੂੰ ਘਰ ਰੱਖ ਕੇ ਆਵੇ। ਲਖਵਿੰਦਰ ਸਿੰਘ ਨੇ ਉਸਦੇ ਭਰਾ ਨੂੰ ਆਪਣੇ ਕੋਲ ਹੀ ਬਿਠਾ ਲਿਆ ਤੇ ਉਸ ਦਾ ਵੱਡਾ ਭਰਾ ਘਰ ਵਿਚ ਮੋਬਾਈਲ ਰੱਖਣ ਲਈ ਉਥੋਂ ਚਲਾ ਗਿਆ। ਇਸ ਦੌਰਾਨ ਲਖਵਿੰਦਰ ਸਿੰਘ ਨੇ ਸਾਹਿਲ ਨੂੰ 100 ਰੁਪਏ ਤੇ ਮਠਿਆਈ ਦਾ ਡੱਬਾ ਦੇਣ ਦਾ ਲਾਲਚ ਦਿੱਤਾ। ਲਾਲਚ ਦੇਣ ਉਪਰੰਤ ਉਹ ਬੱਚੇ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਨਹਿਰ ਕਿਨਾਰੇ ਲੈ ਗਿਆ, ਜਿਥੇ ਲਖ਼ਵਿੰਦਰ ਸਿੰਘ ਨੇ ਪਹਿਲਾਂ ਬੱਚੇ ਨਾਲ ਬਦਫੈਲੀ ਕੀਤੀ ਅਤੇ ਬਾਅਦ 'ਚ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਇਸ ਉਪਰੰਤ ਉਸ ਨੇ ਲਾਸ਼ ਨੂੰ ਭਾਖ਼ੜਾ ਨਹਿਰ ਵਿਚ ਸੁੱਟ ਦਿੱਤਾ ਪਰੰਤੂ ਦੂਜੇ ਪਾਸੇ ਜਦੋਂ ਮ੍ਰਿਤਕ ਦਾ ਵੱਡਾ ਭਰਾ ਸਮਾਗਮ ਵਿਚ ਪੁੱਜਾ ਤਾਂ ਲਖਵਿੰਦਰ ਸਿੰਘ ਤੇ ਉਸ ਦਾ ਭਰਾ ਉਥੋਂ ਗਾਇਬ ਸਨ।

ਇਨ੍ਹਾਂ ਟੀਮਾਂ ਨੇ ਸੁਲਝਾਇਆ ਮਾਮਲਾ

ਐੱਸਪੀ ਸਿਟੀ ਵਰੁਣ ਸ਼ਰਮਾ ਨੇ ਦੱਸਿਆ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸਪੀਡੀ ਹਰਮੀਤ ਸਿੰਘ ਹੁੰਦਲ, ਸੀਆਈ ਸਟਾਫ਼ ਇੰਚਾਰਜ ਸ਼ਮਿੰਦਰ ਸਿੰਘ, ਥਾਣਾ ਬਖ਼ਸ਼ੀਵਾਲ ਇੰਚਾਰਜ ਪ੍ਰਦੀਪ ਸਿੰਘ, ਤਿ੍ਪੜੀ ਥਾਣਾ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ, ਚੌਕੀ ਸੈਂਚੂਰੀ ਇਨਕਲੇਵ ਇੰਚਾਰਜ ਐੱਸਆਈ ਰਾਜਨਦੀਪ ਕੌਰ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਅਧਿਕਾਰੀਆਂ ਵਲੋਂ ਵਿਆਹ ਸਮਾਗਮ ਵਾਲੇ ਘਰ ਦੇ ਮਹਿਮਾਨਾਂ, ਕੈਟਰਿੰਗ, ਡੀਜੇ ਸਟਾਫ਼, ਵੀਡੀਓਗ੍ਰਾਫ਼ਰ ਤੋਂ ਪੁੱਛਗਿੱਛ ਕਰਦੇ ਹੋਏ ਫੁਟੇਜ ਚੈੱਕ ਕੀਤੀ ਤਾਂ ਬੱਚੇ ਨੂੰ ਆਖ਼ਰੀ ਵਾਰ ਲਖ਼ਵਿੰਦਰ ਸਿੰਘ ਨਾਲ ਹੀ ਦੇਖਿਆ ਗਿਆ ਸੀ। ਇਸ ਉਪਰੰਤ ਲਖਵਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਕੀਤੀ। ਪੁੱਛਗਿੱਛ ਵਿਚ ਕੇਸ ਨੂੰ ਹੱਲ ਕਰ ਲਿਆ ਹੈ।