ਸਟਾਫ ਰਿਪੋਰਟਰ, ਪਟਿਆਲਾ : ਕੋਲਕਾਤਾ 'ਚ ਆਰਕੈਸਟਰਾ ਦੇ ਨਾਂ 'ਤੇ ਵੱਧ ਪੈਸਾ ਮਿਲਣ ਦਾ ਦਾਅਵਾ ਕਰਦਿਆਂ ਪਟਿਆਲਾ ਤੋਂ ਔਰਤਾਂ ਨੂੰ ਭੇਜ ਕੇ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ।

ਸ਼ਹਿਰ ਦੀਆਂ ਕਈ ਲੜਕੀਆਂ ਨਾਲ 23 ਸਾਲ ਦੀ ਲੜਕੀ ਵੀ ਕੋਲਕਾਤਾ ਪੁੱਜ ਗਈ ਜੋ ਪੰਜ ਦਿਨ ਪਹਿਲਾਂ ਹੀ ਮੁਲਜ਼ਮਾਂ ਦੇ ਜਾਲ 'ਚੋਂ ਬਚ ਕੇ ਵਾਪਸ ਆਈ ਹੈ। ਇਥੇ ਆਪਣੇ ਘਰ ਪੁੱਜਦਿਆਂ ਹੀ ਪੀੜਤ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਪੁਲਿਸ ਨੇ ਓਮ ਪ੍ਰਕਾਸ਼ ਉਰਫ਼ ਸੋਨੂੰ ਸਮਾਣੀਆ ਵਾਸੀ ਤਫੱਜਲਪੁਰਾ ਤੇ ਨੈਂਸੀ ਉਰਫ਼ ਨੈਨਾ ਗਿੱਲ ਵਾਸੀ ਸੂਰੀਆ ਅਪਾਰਟਮੈਂਟ ਕੋਲਕਾਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਟੀਮ ਨੇ ਛਾਪਾ ਮਾਰ ਕੇ ਸੋਨੂੰ ਸਮਾਣੀਆ ਨੂੰ ਐਤਵਾਰ ਦੀ ਰਾਤ ਗਿ੍ਫ਼ਤਾਰ ਕਰ ਲਿਆ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸਿਵਲ ਲਾਈਨ ਦੇ ਅਡੀਸ਼ਨਲ ਇੰਚਾਰਜ ਏਐੱਸਆਈ ਜਗਰੂਪ ਸਿੰਘ ਨੇ ਕਿਹਾ ਕਿ ਮੁਲਜ਼ਮ 24 ਸਤੰਬਰ ਤਕ ਪੁਲਿਸ ਰਿਮਾਂਡ 'ਤੇ ਹੈ। ਇਸ ਦੌਰਾਨ ਨੈਨਾ ਨੂੰ ਗਿ੍ਫ਼ਤਾਰ ਕਰਨ ਤੋਂ ਇਲਾਵਾ ਹੋਰ ਮੁਲਜ਼ਮਾਂ ਦੀ ਪਛਾਣ ਵੀ ਕੀਤੀ ਜਾਵੇਗੀ।

ਪੀੜਤ ਲੜਕੀ ਨੇ ਦੱਸਿਆ ਕਿ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਸੋਨੂੰ ਸਮਾਣੀਆ ਕੋਲ ਜਾ ਕੇ ਆਰਕੈਸਟਰਾ ਗਰੁੱਪ ਵਿਚ ਡਾਂਸ ਦਾ ਕੰਮ ਕਰਨ ਲੱਗੀ। ਇਕ ਸਾਲ ਪਹਿਲਾਂ ਸੋਨੂੰ ਨੇ ਕਿਹਾ ਕਿ ਇਥੇ ਕੰਮ ਦੇ ਪੈਸੇ ਘੱਟ ਮਿਲਦੇ ਹਨ ਇਸ ਲਈ ਕੋਲਕਾਤਾ ਜਾ ਕੇ ਡਾਂਸ ਦਾ ਕੰਮ ਕਰ ਸਕਦੀ ਹੈ। ਕਰੀਬ ਡੇਢ ਸਾਲ ਪਹਿਲਾਂ ਸੋਨੂੰ ਸਮਾਣੀਆ ਨੇ ਉਸ ਨੂੰ ਕੋਲਕਾਤਾ ਵਾਸੀ ਨੈਨਾ ਗਿੱਲ ਕੋਲ ਛੱਡ ਦਿੱਤਾ।

ਪੀੜਤ ਲੜਕੀ ਨੇ ਦੱਸਿਆ ਕਿ ਨੈਨਾ ਗਿੱਲ ਸ਼ੁਰੁ ਵਿਚ ਤਾਂ ਸਹੀ ਵਿਹਾਰ ਕਰਦੀ ਰਹੀ। ਪਰ ਕੁਝ ਦਿਨਾਂ ਬਾਅਦ ਉਸਨੂੰ ਦੇਹ ਵਪਾਰ ਲਈ ਮਜਬੂਰ ਕਰਨ ਲੱਗੀ। ਇਸਦਾ ਵਿਰੋਧ ਕਰਨ 'ਤੇ ਕੁੱਟਮਾਰ ਕਰਨ ਤੇ ਸਰੀਰ 'ਤੇ ਗਰਮ ਤਵੇ ਤੇ ਚਿਮਟੇ ਵੀ ਮਾਰਨੇ ਸ਼ੁਰੂ ਕਰ ਦਿੱਤੇ। ਪੀੜਤ ਅਨੁਸਾਰ ਨੈਨਾ ਗਿੱਲ ਇਕ ਕਮਰੇ ਵਿਚ 5 ਤੋਂ 10 ਕੁੜੀਆਂ ਨੂੰ ਰੱਖਦੀ ਸੀ ਤੇ ਸਾਰੀਆਂ ਤੋਂ ਜਬਰੀ ਦੇਹ ਵਪਾਰ ਕਰਵਾਉਂਦੀ ਸੀ। ਦੋਸ਼ ਹੈ ਕਿ ਸੋਨੂੰ ਸਮਾਣੀਆ ਪਟਿਆਲਾ ਤੋਂ ਲਗਾਤਾਰ ਕੋਲਕਾਤਾ ਕੁੜੀਆਂ ਭੇਜਦਾ ਰਹਿੰਦਾ ਸੀ। ਇਕ ਦਿਨ ਮੌਕਾ ਦੇਖ ਕੇ ਪੀੜਤ ਲੜਕੀ ਨੈਨਾ ਦੇ ਕਮਰੇ 'ਚੋਂ ਭੱਜ ਗਈ ਤੇ ਪਟਿਆਲਾ ਆਪਣੇ ਘਰ ਪੁੱਜ ਗਈ।