ਨਵਦੀਪ ਢੀਂਗਰਾ, ਪਟਿਆਲਾ : ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ ’ਚ ਪੱਤਰਕਾਰ ਮਿਲਣੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਨੇ ਆਪਣੀ ਪਾਰਟੀ ਦੀ ਸਰਕਾਰ ’ਤੇ ਕਈ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਦੋ ਮੁੱਦਿਆਂ ’ਤੇ ਬਣੀ ਸੀ। ਪਹਿਲਾ ਮੁੱਦਾ ਸੀ ਬਹਿਬਲਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਦੂਜਾ ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦਾ। ਸਰਕਾਰ ਚਾਰ ਸਾਲਾਂ ਦੇ ਕਾਰਜਕਾਲ 'ਚ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਫੇਲ੍ਹ ਹੋਈ ਹੈ। ਲੋਕਾਂ ਨੇ ਜਿਸ ਭਰੋਸੇ ਨਾਲ ਸਰਕਾਰ ਚੁਣੀ ਸੀ, ਉਸ ਨੂੰ ਜਿੱਤਣ ਵਿਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਇਸ ਕਾਰਨ ਲੋਕਾਂ ਦੀ ਆਸ ਹੁਣ ਟੁੱਟ ਚੁੱਕੀ ਹੈ।

ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਚਾਹੀਦਾ ਸੀ ਕਿ ਬੇਅਦਬੀ ਮਾਮਲੇ 'ਚ ਬਣਾਈ ਗਈ SIT ਦੀ ਰਿਪੋਰਟ ਨੂੰ ਜਨਤਕ ਕਰਦੀ ਜਿਸ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੁੰਦੀ, ਪਰ ਅਫਸੋਸ ਅਜਿਹਾ ਨਹੀਂ ਹੋਇਆ ਤੇ SIT ਹੀ ਭੰਗ ਕਰ ਦਿੱਤੀ ਗਈ ਤੇ ਉਸ ਦੇ ਮੁਖੀ ਅਫਸਰ ਨੂੰ ਹੀ ਪਾਸੇ ਕਰ ਦਿੱਤਾ ਗਿਆ।

ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਸਰਕਾਰ ਭੋਲੇ ਦੀ ਸੁਣੇ ਜਾਂ ਬਿੱਟੂ ਔਲਖ ਦੀ, ਪਰ ਸੁਣ ਲਵੇ। ਪਰ ਅਜਿਹਾ ਨਹੀਂ ਹੋਣਾ ਕਿਉਂਕਿ ਉਹ ਸੱਚ ਨਹੀਂ ਸੁਣਨਾ ਚਾਹੁੰਦੇ। ਇਹ ਇਕ ਕਾਰਨ ਹੈ ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਖ਼ਤਮ ਹੋ ਗਿਆ ਹੈ।

ਬੇਅਦਬੀ ਮਾਮਲੇ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ 'ਚ ਵੀ ਦੋਸ਼ੀਆਂ ਦੇ ਨਾਂ ਦੱਸ ਕੇ ਗੰਭੀਰ ਅਪਰਾਧ ਹੋਣ ਦੀ ਗੱਲ ਕਹੀ ਗਈ ਸੀ। ਜਦੋਂ ਇਹ ਰਿਪੋਰਟ ਵਿਧਾਨ ਸਭਾ ’ਚ ਜਨਤਕ ਕੀਤੀ ਗਈ ਤਾਂ ਜਿਨ੍ਹਾਂ ’ਤੇ ਦੋਸ਼ ਲੱਗੇ, ਉਹ ਸਭਾ ਛੱਡ ਕੇ ਭੱਜ ਗਏ। ਇਸ ਦਾ ਮਤਾ ਵੀ ਪਾਸ ਹੋਇਆ। ਇਸ ਦੀ ਜਾਂਚ ਏਜੰਸੀ ਕੌਣ ਹੈ, ਕਿਸੇ ਦਾ ਨਾਂ ਕਿਉਂ ਸਾਹਮਣੇ ਨਹੀਂ ਆਇਆ। ਗੋਲ਼ੀਕਾਂਡ ’ਚ ਕੌਣ ਸੀ, ਇਹ ਤਾਂ ਸਭ ਜਾਣਦੇ ਹਨ। ਜਦੋਂ ਜੁਰਮ ਤੇ ਦੋਸ਼ੀ ਵੀ ਪਛਾਣੇ ਗਏ ਤਾਂ ਨਾਂ ਕਿਉਂ ਨਹੀਂ ਦੱਸ ਰਹੇ, ਇਹ ਸਮਝ ਤੋਂ ਪਰ੍ਹੇ ਹੈ। ਸਿੱਧੂ ਨੇ ਕਿਹਾ, 'ਮੈਂ ਡੀਜੀਪੀ ਤੇ ਪਰਕਾਸ਼ ਸਿੰਘ ਬਾਦਲ ਦੀ ਫੋਨ ’ਤੇ ਹੋਈ ਗੱਲ ਬਾਰੇ ਵੀ ਮੁੱਖ ਮੰਤਰੀ ਨੂੰ ਦੱਸਿਆ ਸੀ, ਫਿਰ ਹਾਲੇ ਤਕ ਉਡੀਕ ਕਾਹਦੀ।'

ਉਨ੍ਹਾਂ ਕਿਹਾ ਕਿ ਵੱਡਾ ਸਵਾਲ ਹੈ ਕਿ ਗੋਲ਼ੀਕਾਂਡ ’ਚ ਹੁਕਮ 'ਤੇ ਫੈਸਲਾ ਸੁਣਾਉਣ ਵਾਲਾ ਕੌਣ ਹੈ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਅਤੇ ਐੱਸਆਈਟੀ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਹਾਲੇ ਤਕ ਅਣਪਛਾਤੇ ਕਿਉਂ ਹਨ। ਕੀ ਸਿਰਫ ਉਨ੍ਹਾਂ ਨੂੰ ਬਚਾਉਣ ਲਈ ਐਫਆਈਆਰ ਵਿਚ ਉਨ੍ਹਾਂ ਦਾ ਨਾਂ ਨਹੀਂ ਲਿਖਿਆ ਗਿਆ। ਸਿੱਧੂ ਨੇ ਕਿਹਾ ਕਿ ਕੇਸ ਦੀ ਬੁਨਿਆਦ ਹੀ ਨਹੀਂ ਰੱਖੀ ਗਈ। ਹੁਣ ਤਕ ਸਾਰੀਆਂ ਗੱਲਾਂ ਹਵਾ ’ਚ ਹਨ ਤੇ ਸਭ ਕੁਝ ਗੱਲਾਂ ਬਾਤਾਂ ਨਾਲ ਹੋ ਰਿਹਾ ਹੈ।

ਸਿੱਧੂ ਬੋਲੇ ਕਿ ਮੇਰੀ ਲੜਾਈ ਹਮੇਸ਼ਾ ਹੀ ਇਸ ਗੜਬੜਾਏ ਹੋਏ ਸਿਸਟਮ ਨਾਲ ਰਹੀ ਹੈ। ਮੇਰੀ ਮਨਸ਼ਾ ਕਿਸੇ ਦਾ ਅਪਮਾਨ ਕਰਨਾ ਜਾਂ ਕਿਸੇ ’ਤੇ ਵਿਅੰਗ ਕਰਨਾ ਨਹੀਂ। ਉਨ੍ਹਾਂ ਸਰਕਾਰ ਦੇ ਵੱਕਾਰ ਦਾ ਸਵਾਲ ਕਰਦਿਆਂ ਕਿਹਾ ਕਿ 2015 ’ਚ ਦਰਜ ਹੋਈ ਐਫਆਈਆਰ ’ਚ ਵੀ ਨਾਂ ਨਹੀਂ ਤੇ ਪਰਚਾ ਵੀ ਉਨ੍ਹਾਂ ’ਤੇ ਕੀਤਾ ਗਿਆ ਜਿਨ੍ਹਾਂ ’ਤੇ ਤਸ਼ੱਦਦ ਹੋਇਆ। ਤਸ਼ਦੱਦ ਢਾਹੁਣ ਵਾਲਿਆਂ ਦਾ ਕੋਈ ਜ਼ਿਕਰ ਹੀ ਨਹੀਂ। ਉਨ੍ਹਾਂ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਸਿਸਟਮ ਨੇ ਪਰਦੇ ਪਾਏ ਉਸੇ ਨੇ ਚਕਨਾਚੂਰ ਹੋਣਾ ਸੀ ਤੇ ਹੋ ਵੀ ਰਿਹੈ। ਜਦੋਂ ਸਮਾਂ ਆ ਗਿਆ ਤਾਂ ਪਰਦੇ ਪਾਉਣ ਵਾਲੇ ਵੀ ਇਸ ਨੂੰ ਭੁਗਤਣਗੇ।

ਸਿੱਧੂ ਨੇ ਕਿਹਾ ਕਿ ਅੱਜ ਤਕ ਸਰਕਾਰਾਂ ਵੱਲੋਂ ਜੋ ਵੀ ਐੱਸਆਈਟੀ ਕਾਇਮ ਕੀਤੀ ਗਈ ਹੈ, ਕਦੇ ਵੀ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਇਨ੍ਹਾਂ ਐੱਸਆਈਟੀਜ਼ ਦਾ ਮਤਲਬ ਤਾਂ ਇਹ ਜਾਪਦਾ ਹੈੈ ਕਿ 'ਸਿੱਟ ਡਾਊਨ'।

Posted By: Tejinder Thind