ਹਰਿੰਦਰ ਸ਼ਾਰਦਾ, ਪਟਿਆਲਾ : ਨਰਸਾਂ ਐਨਸਿਲਰੀ ਤੇ ਦਰਜਾ ਚਾਰ ਮੁਲਾਜ਼ਮਾਂ ਦਾ ਰੋਹ ਉਸ ਸਮੇਂ ਭੱਖ ਗਿਆ ਜਦੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਸੰਗਰੂਰ ਰੋਡ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁੱਜੇ ਐੱਸਡੀਐੱਮ ਤੇ ਐੱਸਪੀ ਸਿਟੀ ਨੇ ਮੁਲਾਜ਼ਮਾਂ ਨੂੰ ਸ਼ਾਂਤ ਕਰਵਾ ਕੇ ਭਰੋਸਾ ਦਿੱਤਾ ਕਿ ਮੰਨੀਆਂ ਮੰਗਾਂ ਜਲਦ ਲਾਗੂ ਕਰਵਾ ਦਿੱਤੀਆਂ ਜਾਣਗੀਆਂ। ਉੱਥੇ ਦੂਜੇ ਪਾਸੇ ਨਰਸਿੰਗ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਜੋ ਕਿ ਪਿਛਲੇ ਅੱਠ ਦਿਨਾਂ ਤੋਂ ਛੱਤ 'ਤੇ ਬੈਠੀਆਂ ਹੋਈਆਂ ਹਨ, ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੁਝ ਦਿਨਾਂ ਅੰਦਰ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਇਸ ਕਰਕੇ ਉਨ੍ਹਾਂ ਵੱਲੋਂ ਕੁਝ ਸਮੇਂ ਲਈ ਛਾਲ ਮਾਰਨ ਦਾ ਫੈਸਲਾ ਟਾਲ ਦਿੱਤਾ ਗਿਆ।

ਇਸ ਦੌਰਾਨ ਨਰਸਿੰਗ ਸਟਾਫ ਆਗੂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਾਲ 2000 ਤੋਂ ਲੈ ਕੇ 2019 ਤਕ ਠੇਕਾ ਆਧਾਰ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਦੀਆਂ ਸੇਵਾਵਾਂ ਨੂੰ ਹਾਲੇ ਤਕ ਸਰਕਾਰ ਵੱਲੋਂ ਰੈਗੂਲਰ ਨਹੀਂ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ। ਇਸ ਮੌਕੇ ਪੁੱਜੇ ਐੱਸਡੀਐੱਮ ਅਨਮੋਲ ਸਿੰਘ ਧਾਲੀਵਾਲ ਤੇ ਐਸਪੀ ਸਿਟੀ ਕੇਸਰ ਸਿੰਘ ਨੇ ਨਰਸਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਕਰਵਾਇਆ ਜਾਵੇਗਾ ਜਿਸ ਕਰਕੇ ਉਹ ਆਪਣਾ ਧਰਨਾ ਇੱਥੇ ਹੀ ਸਮਾਪਤ ਕਰ ਦੇਣ, ਜਿਸ ਉਪਰੰਤ ਉਨ੍ਹਾਂ ਵੱਲੋਂ ਧਰਨਾ ਚੁੱਕ ਲਿਆ ਗਿਆ।

Posted By: Seema Anand