ਪੱਤਰ ਪ੫ੇਰਕ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐਨਐਸਐਸ ਵਿਭਾਗ ਵਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਵਿਦਿਆਰਥੀਆਂ ਵਿਚ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਜਾਗਰੁਕਤਾ ਪੈਦਾ ਕਰਦਾ ਸਮਾਪਤ ਹੋਇਆ। ਇਸ ਕੈਂਪ ਦੇ ਸਮਾਪਤੀ ਸਮਾਰੋਹ ਵਿਚ ਡਾ. ਪਰਮਵੀਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ, ਐਨਐਸਐਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਕਾਲਜ ਦੇ ਐਨਐਸਐਸ ਵਲੰਟੀਅਰਾਂ ਵਲੋਂ ਕੈਂਪ ਦੌਰਾਨ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ। ਡਾ. ਪਰਮਵੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨੌਜਵਾਨਾਂ ਨੂੰ ਚੰਗਾ ਸਮਾਜ ਸਿਰਜਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਰਜਾਣਤਮਕ ਸੋਚ ਅਪਨਾਉਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਰਲ-ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ, ਜਿਸ ਵਿਚ ਐਨਐਸਐਸ ਵਲੰਟੀਅਰ ਸਮਾਜ ਦੀ ਉਚਿਤ ਅਗਵਾਈ ਕਰ ਸਕਦੇ ਹਨ। ਕਾਲਜ ਦੇ ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਸਪਨਾ, ਡਾ. ਜਗਤਾਰ ਸਿੰਘ ਅਤੇ ਪ੍ਰੋ. ਰਾਜਬਿੰਦਰ ਸਿੰਘ ਨੇ ਕੈਂਪ ਦੌਰਾਨ ਹੋਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ ਕਿ ਇਸ ਕੈਂਪ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੇ ਨਾਵਾਂ ਦੇ ਆਧਾਰ 'ਤੇ 8 ਗਰੁੱਪਾਂ ਵਿਚ ਵੰਡ ਕੇ ਵੱਖ-ਵੱਖ ਪ੍ਰਾਜੈਕਟ ਦਿੱਤੇ ਗਏ। ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਤਹਿਤ ਵੱਖ ਵੱਖ ਲੈਕਚਰ ਕਰਵਾਏ ਗਏ। ਇਸ ਕੈਂਪ ਦੌਰਾਨ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ, ਲੋਕਗੀਤ, ਸਕਿੱਟ ਅਤੇ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੀ ਰਿਪੋਰਟ ਵਿਦਿਆਰਥਣ ਹਰਸ਼ਿੰਦਰ ਕੌਰ ਵਲੋਂ ਪੜ੍ਹੀ ਗਈ। ਇਸ ਕੈਂਪ ਦੇ ਕਮਾਂਡਰ ਦੀ ਜਿੰਮੇਵਾਰੀ ਵਿਦਿਆਰਥੀ ਗੁਰਿੰਦਰ ਸਿੰਘ ਅਤੇ ਕਮਲਪ੍ਰੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ। ਇਸ ਕੈਂਪ ਦੌਰਾਨ ਵਧੀਆਂ ਕੰਮ ਕਰਨ ਲਈ ਵਿਦਿਆਰਥੀ ਨਿਸ਼ਾਨ ਸਿੰਘ ਅਤੇ ਰੇਨੂ ਨੂੰ ਬੈਸਟ ਵਲੰਟੀਅਰ ਵਜੋਂ ਸਨਮਾਨਿਆ ਗਿਆ। ਇਸ ਮੌਕੇ ਗਰੁੱਪ ਲੀਡਰਾਂ ਅਤੇ ਵੱਖ-ਵੱਖ ਮੁਕਾਬਲਿਆਂ ਦੌਰਾਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ।