ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ: ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਰੋਨਾ ਮਰੀਜ਼ਾਂ ਤੇ ਵਾਰਸਾਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੋਵਿਡ ਇੰਚਾਰਜ਼ ਆਈਏਐਸ ਸੁਰਭੀ ਮਲਿਕ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧੀ ਉਨ੍ਹਾਂ ਵਲੋਂ ਡਾਕਟਰਾਂ ਤੇ ਸਟਾਫ਼ ਨੂੰ ਚਿਤਾਵਨੀ ਨੋਟਿਸ ਵੀ ਜਾਰੀ ਕੀਤਾ ਹੈ ਕਿ ਉਹ ਆਪਣੀ ਡਿਊਟੀ ਨੂੰ ਠੀਕ ਢੰਗ ਨਾਲ ਨਿਭਾਉਣ ਨਹੀਂ ਤਾਂ ਡਾਕਟਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਰਕਾਰੀ ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਸ ਕਾਰਨ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਸਟਾਫ਼ ਤੇ ਕੰਮ ਦਾ ਬੋਝ ਵੀ ਵੱਧ ਗਿਆ ਹੈ। ਇਸ ਸਬੰਧੀ ਕੁੱਝ ਮਰੀਜ਼ਾਂ ਤੇ ਵਾਰਸਾਂ ਵਲੋ ਕੋਵਿਡ ਇੰਚਾਰਜ਼ ਸੁਰਭੀ ਮਲਿਕ ਨੂੰ ਵੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸਖ਼ਤ ਲਿਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਵਿਚ ਦਾਖ਼ਲ ਮਰੀਜ਼ਾਂ ਦੀ ਸਾਂਭ ਸੰਭਾਲ ਸਿਰਫ਼ ਨਰਸਿੰਗ ਸਟਾਫ਼ ਤੇ ਪੈਰਾ ਮੈਡੀਕਲ ਸਟਾਫ਼ ਵਲੋਂ ਹੀ ਕੀਤੀ ਜਾ ਰਹੀ ਹੈ ਜੇਕਰ ਕੋਈ ਡਾਕਟਰ ਜਾਂਚ ਲਈ ਆਉਂਦੇ ਹਨ ਤਾਂ ਉਹ ਕੁੱਝ ਸਮਾਂ ਹੀ ਮਰੀਜ਼ਾਂ ਦੀ ਜਾਂਚ ਲਈ ਬਿਤਾਉਂਦੇ ਹਨ। ਇਸ ਲਈ ਊਹ ਆਪਣੀ ਹਾਜ਼ਰੀ ਨੂੰ ਵਾਰਡ ਵਿਚ ਯਕੀਨੀ ਬਣਾਈ ਜਾਵੇ ਨਹੀਂ ਤਾਂ ਉਨ੍ਹਾਂ ਖਿਲਾਫ਼ ਵਿਭਾਗ ਵਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

----

ਸ਼ਿਕਾਇਤਾਂ ਤੋਂ ਬਾਅਦ ਪੱਤਰ ਕੀਤਾ ਜਾਰੀ : ਮਲਿਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਵਿਡ ਇੰਚਾਰਜ਼ ਸੁਰਭੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਝ ਵਿਅਕਤੀਆਂ ਦੀਆਂ ਸ਼ਿਕਾਇਤਾਂ ਮਿਲਿਆ ਸਨ ਕਿ ਡਾਕਟਰ ਮਰੀਜ਼ਾਂ ਨੂੰ ਸਮਾਂ ਨਹੀਂ ਦੇ ਰਹੇ ਹਨ। ਜਿਸ ਤੋਂ ਬਾਅਦ ਕਾਫ਼ੀ ਸੁਧਾਰ ਵੀ ਹੋਇਆ ਹੈ ਤੇ ਹੁਣ ਡਾਕਟਰ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨੂੰ ਦੇਖ ਵੀ ਰਹੇ ਹਨ। ਸ਼ਿਕਾਇਤਾਂ ਦੀ ਜਾਂਚ ਦੌਰਾਨ ਕਈ ਗਲਤ ਵੀ ਪਾਈਆਂ ਗਈਆਂ ਹਨ। ਇਸ ਲਈ ਉਨ੍ਹਾਂ ਵਲੋਂ ਇਥੇ ਇੱਕ ਕਾਲ ਸੈਂਟਰ ਵੀ ਬਣਾਇਆ ਗਿਆ ਹੈ, ਜਿਥੇ ਡਾਕਟਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮਰੀਜ਼ ਦਾ ਸਟੇਟਸ ਦੇਣ ਲਈ ਦਸ ਰਹੇ ਹਨ।