ਹਰਿੰਦਰ ਸ਼ਾਰਦਾ, ਪਟਿਆਲਾ : ਆਮ ਆਦਮੀ ਪਾਰਟੀ ਵੱਲੋਂ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਘ ਸਿੰਗਲਾ ਦੀ ਕੋਠੀ ਵੱਲੋਂ ਰੋਸ ਮਾਰਚ ਕੱੱਢਿਆ ਗਿਆ। ਵਰਕਰ ਜਿਵੇਂ ਹੀ ਸਿੱਖਿਆ ਮੰਤਰੀ ਦੀ ਕੋਠੀ ਨਜ਼ਦੀਕ ਪੁੱਜੇ ਤਾਂ ਉੱਥੇ ਵੱਡੀ ਗਿਣਤੀ 'ਚ ਖੜ੍ਹੀ ਪੁਲਿਸ ਫੋਰਸ ਵਲੋਂ ਵਰਕਰਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਵਰਕਰਾਂ ਨੇ ਉੱਥੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਰਕਰਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਭਾਵੇਂ ਨਿੱਜੀ ਸਕੂਲਾਂ ਨੂੰ 70 ਫ਼ੀਸਦ ਤਕ ਫ਼ੀਸਾਂ ਲੈਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੌਰਾਨ ਲੱਗੇ ਦੋ ਮਹੀਨਿਆਂ ਦੇ ਕਰਫਿਊ ਨੇ ਗਰੀਬ ਵਰਗ, ਮੱਧ ਵਰਗ ਤੇ ਉਚ ਵਰਗ ਨੂੰ ਮੁਸ਼ਕਲਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ, ਜਿਸ ਕਾਰਨ ਇਨ੍ਹਾਂ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀ ਮਾਪਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਨਿੱਜੀ ਸਕੂਲਾਂ ਵੱਲੋਂ ਲਈਆਂ ਜਾ ਰਹੀਆਂ ਫ਼ੀਸਾਂ ਨਾ ਲਈਆਂ ਜਾਣ। ਇਸ ਉਪਰੰਤ ਵਰਕਰਾਂ ਨੂੰ ਮੀਟਿੰਗ ਦੇ ਮਿਲੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ। ਵਰਕਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਹੋਰ ਜ਼ੋਰਦਾਰ ਸੰਘਰਸ਼ ਵਿੱਢਣਗੇ।

ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿੱਜੀ ਸਕੂਲਾਂ ਨੂੰ ਸਿਰਫ਼ 70 ਫ਼ੀਸਦ ਫ਼ੀਸ ਲੈਣ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲਾਂ ਨੂੰ ਫ਼ੀਸਾਂ ਦੀ ਥਾਂ ਆਨਲਾਈਨ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਿਰਫ ਟਿਊਸ਼ਨ ਫੀਸਾਂ ਦੀ ਹੀ ਲੈਣ ਲਈ ਹਿਦਾਇਤ ਜਾਰੀ ਕੀਤੀ ਗਈ ਹੈ ਪਰ ਨਿੱਜੀ ਸਕੂਲ ਟਿਊਸ਼ਨ ਫੀਸਾਂ ਦੇ ਨਾਂਅ 'ਤੇ ਹੋਰ ਖਰਚੇ 'ਚ ਪਾ ਕੇ ਭਾਰੀ ਫੀਸਾਂ ਵਸੂਲ ਰਹੇ ਹਨ। ਕੋਰੋਨਾ ਵਰਗੀ ਮਹਾਮਾਰੀ ਦੇ ਦੌਰਾਨ ਪਹਿਲਾਂ ਹੀ ਦੋ ਮਹੀਨੇ ਤੋਂ ਲੋਕ ਆਪਣੇ ਘਰਾਂ 'ਚ ਹਨ ਤੇ ਜ਼ਿਆਦਾਤਰ ਵਿਅਕਤੀਆਂ ਨੂੰ ਜੋ ਵਿਅਕਤੀ ਆਪਣਾ ਕੰਮ ਕਰਦੇ ਸਨ ਉਨ੍ਹਾਂ ਦੇ ਦੁਕਾਨਾਂ ਬੰਦ ਰਹਿਣ ਕਾਰਨ ਭਾਰੀ ਘਾਟਾ ਵੀ ਸਹਿਣਾ ਪਿਆ ਹੈ। ਸਰਕਾਰ ਵੱਲੋਂ ਅਜਿਹੇ ਸਮੇਂ ਵਿਚ ਕਿਸੇ ਨੂੰ ਵੀ ਵਿੱਤੀ ਸਹਾਇਤਾ ਦੀ ਮਦਦ ਨਹੀਂ ਕੀਤੀ ਗਈ ਹੈ ਜੋ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਨਿੱਜੀ ਸਕੂਲਾਂ ਵੱਲੋਂ ਲਈਆਂ ਜਾ ਰਹੀਆਂ ਫ਼ੀਸਾਂ ਨੂੰ ਤੁਰੰਤ ਰੋਕਿਆ ਜਾਵੇ ਤੇ ਸਰਕਾਰ ਨੂੰ ਨਿੱਜੀ ਸਕੂਲਾਂ ਤੋਂ ਮਿਲਣ ਵਾਲੇ ਫੰਡਾਂ ਦਾ ਪ੍ਰਯੋਗ ਨਿੱਜੀ ਸਕੂਲਾਂ ਲਈ ਕੀਤਾ ਜਾਵੇ ਤਾਂ ਜੋ ਮਾਪਿਆਂ ਤੇ ਨਿੱਜੀ ਸਕੂਲਾਂ ਤੇ ਕਿਸੇ ਪ੍ਰਕਾਰ ਦਾ ਕੋਈ ਵਿੱਤੀ ਬੋਝ ਨਾ ਪੈ ਸਕੇ।

Posted By: Amita Verma