ਨਵਦੀਪ ਢੀਂਗਰਾ, ਪਟਿਆਲਾ

ਲੱਖਾਂ ਦੇ ਫੰਡ ਵਰਤ ਕੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਹਰਿਆਲੀ ਦੀ ਰਾਖੀ ਨਹੀਂ ਹੋ ਸਕੀ ਹੈ ਤੇ ਹੁਣ ਹਰਿਆਲੀ ਵਧਾਉਣ ਲਈ ਹੋਰ ਯੋਜਨਾ ਤਿਆਰ ਕੀਤੀ ਗਈ ਹੈ। ਪਿਛਲੇ ਵਰੇ੍ਹ 22 ਲੱਖ ਦੀ ਲਾਗਤ ਨਾਲ ਵੱਡੀ ਨਦੀ ਦੇ ਕਿਨਾਰਿਆਂ 'ਤੇ ਹਰਿਆਲੀ ਲਿਆਉਣ ਲਈ ਪੌਦੇ ਲਗਾਏ ਗਏ ਜਿਸਤੋਂ ਬਾਅਦ ਹੁਣ 44 ਲੱਖ ਦੇ ਗਮਲੇ ਰੱਖ ਕੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਸ਼ਹਿਰ ਵਿਚ ਹਰਿਆਲੀ ਵਧਾਉਣ ਲਈ ਨਗਰ ਨਿਗਮ ਸ਼ਹਿਰ ਦੇ ਅੰਦਰਲੇ ਹਿੱਸੇ ਨੂੰ ਹੋਰ ਹਰਾ-ਭਰਾ ਬਣਾਉਣ ਲਈ ਲਗਭਗ 44 ਲੱਖ ਰੁਪਏ ਖਰਚਣ ਜਾ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਦੇਸ਼ ਦੇ ਵੱਡੇ ਸ਼ਹਿਰਾਂ ਦੀਆਂ ਸੜਕਾਂ 'ਤੇ ਟੋਏ ਬਣਾਉਣ ਦੀ ਬਜਾਏ ਵੱਡੇ ਆਕਾਰ ਦੇ ਗਮਲੇ ਸੜਕਾਂ 'ਤੇ ਰੱਖ ਕੇ ਹਰਿਆਲੀ ਵਧਾਈ ਜਾ ਰਹੀ ਹੈ। ਬੰਗਲੌਰ, ਪੋਂਡੀਚੇਰੀ, ਕੇਰਲਾ ਅਤੇ ਇਥੋਂ ਤਕ ਕਿ ਚੰਡੀਗੜ੍ਹ ਦੇ ਕਈ ਹਿੱਸਿਆਂ ਵਿਚ ਵੱਡੇ ਗਮਲਿਆਂ ਵਿਚ ਮੇਡਿਸਨ ਅਤੇ ਖੁਸ਼ਬੂ ਵਾਲੇ ਪੌਦੇ ਲਗਾਏ ਗਏ ਹਨ। ਮੇਅਰ ਦੇ ਅਨੁਸਾਰ, ਸ਼ਹਿਰ ਵਿਚ ਵੱਧ ਰਹੇ ਨਜਾਇਜ ਕਬਜਿਆਂ ਨੂੰ ਰੋਕਣ ਲਈ ਅਤੇ ਟ੍ਰੈਫਿਕ ਦੇ ਰਸਤੇ ਨੂੰ ਨਿਰਧਾਰਤ ਕਰਨ ਲਈ ਵੱਡੇ ਗਮਲਿਆਂ ਵਿਚ ਲਗੇ ਪੌਦੇ ਬਹੁਤ ਫਾਇਦੇਮੰਦ ਹੋਣਗੇ। ਉਨ੍ਹਾਂ ਕਿਹਾ ਕਿ ਇਕ ਸਾਲ ਬਾਅਦ, ਜਿਵੇਂ ਹੀ ਪੌਦਾ ਆਪਣੇ ਆਪ ਵਧਣਾ ਸ਼ੁਰੂ ਕਰੇਗਾ, ਨੇੜੇ ਦੇ ਦੁਕਾਨਦਾਰਾਂ ਨੂੰ ਪਲਾਂਟ ਸੰਭਾਲਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਹਰਿਆਲੀ ਵਧਾਉਣ ਲਈ ਕਾਫ਼ੀ ਜਗ੍ਹਾ ਹੈ ਪਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਜਗ੍ਹਾ ਦੀ ਘਾਟ ਕਾਰਨ ਵੱਡੇ ਗਮਲਿਆਂ ਦਾ ਵਿਕਲਪ ਅਪਣਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ 'ਤੇ ਲਗਾਏ ਜਾਣ ਵਾਲੇ ਗਮਲਿਆਂ ਨੂੰ ਜਰੂਰਤ ਅਨੁਸਾਰ ਇੱਕ ਥਾਂ ਤੋਂ ਦੂਜੀ ਥਾਂ ਬਦਲਿਆ ਜਾ ਸਕੇਗਾ।

----

ਬੂਟਿਆਂ ਦੀ ਸੰਭਾਲ ਲਈ ਠੇਕੇਦਾਰ ਹੋਵੇਗਾ ਜ਼ਿੰਮੇਵਾਰ

ਨਗਰ ਨਿਗਮ ਦੇ ਬਾਗਬਾਨੀ ਸ਼ਾਖਾ ਇੰਚਾਰਜ ਐਕਸ.ਈ.ਐਨ ਦਲੀਪ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਨਵੀਆਂ ਸੜਕਾਂ 'ਤੇ ਬੂਟੇ ਲਗਾਉਣਾ ਤਕਨੀਕੀ ਤੌਰ' ਤੇ ਉਚਿਤ ਨਹੀਂ ਹੈ। ਸੜਕਾਂ ਨੂੰ ਹਰਿਆਲੀ ਦੀ ਭੇਂਟ ਨਾ ਚੜਾ ਕੇ ਹੋਰ ਵਿਕਲਪਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਚੋਣ ਕਰਨ ਉਪਰੰਤ ਤਿੰਨ ਫੁੱਟ ਉੱਚੇ ਅਤੇ 36 ਇੰਚ ਅਕਾਰ ਵਾਲੇ ਸੀਮਿੰਟ ਦੇ ਗਮਲੇ ਲਗਾਏ ਜਾਣਗੇ। ਇਨ੍ਹਾਂ ਗਮਲਿਆਂ ਵਿਚ ਵੱਡੇ ਅਕਾਰ ਦੇ ਪੌਦੇ ਲਗਾਏ ਜਾਣਗੇ। ਕੋਈ ਵੀ ਠੇਕੇਦਾਰ ਜਿਸ ਨੂੰ ਬੂਟੇ ਅਤੇ ਗਮਲੇ ਲਗਾਉਣ ਦਾ ਕੰਮ ਦਿੱਤਾ ਜਾਵੇਗਾ, ਉਹੀ ਠੇਕੇਦਾਰ ਇਕ ਸਾਲ ਲਈ ਸਾਰੇ ਇਕ ਹਜ਼ਾਰ ਬੂਟੇ ਦੀ ਦੇਖਭਾਲ ਕਰੇਗਾ। ਇਸ ਦੌਰਾਨ, ਜੇ ਕਿਸੇ ਕਾਰਨ ਕੋਈ ਗਮਲਾ ਟੁੱਟ ਜਾਂਦਾ ਹੈ ਜਾਂ ਇਸ ਵਿਚ ਲਗਾਇਆ ਗਿਆ ਪੌਦਾ ਸਹੀ ਤਰ੍ਹਾਂ ਪ੍ਰਫੁੱਲਤ ਨਹੀਂ ਹੁੰਦਾ, ਤਾਂ ਇਸ ਨੂੰ ਤਬਦੀਲ ਕਰਨ ਦੀ ਜ਼ਿੰਮੇਵਾਰੀ ਵੀ ਸਬੰਧਤ ਠੇਕੇਦਾਰ ਦੀ ਹੀ ਰਹੇਗੀ। ਇਸ ਬਰਸਾਤੀ ਮੌਸਮ ਦੌਰਾਨ ਸ਼ਹਿਰ ਵਿਚ ਬੂਟੇ ਲਗਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

-----

ਲਾਵਾਰਸ ਪਸ਼ੂਆਂ ਦੀ ਖ਼ੁਰਾਕ ਬਣ ਰਹੇ ਨੇ ਬੂਟੇ

ਦੱਸ ਦੇਈਏ ਕਿ ਇਸਤੋਂ ਪਹਿਲਾਂ ਸ਼ਹਿਰ ਵਿਚਲੀ ਵੱਡੀ ਨਦੀ ਦੇ ਕਿਨਾਰਿਆਂ 'ਤੇ ਪੌਦੇ ਲਗਾ ਕੇ ਸੁੰਦਰ ਦਿੱਖ ਦੇਣ ਲਈ 22 ਲੱਖ ਦਾ ਪ੍ਰਰਾਜੈਕਟ ਤਿਆਰ ਕੀਤਾ ਗਿਆ ਸੀ। ਜਿਸ ਤਹਿਤ ਨਦੀ ਦੇ ਕੰਿਢਆਂ 'ਤੇ ਕਰੀਬ ਪੌਦੇ ਤੇ ਉਨਾਂ ਦੀ ਰੱਖਿਆ ਕਰਨ ਲਈ ਗਾਰਡ ਲਗਾਏ ਗਏ। ਕੁਝ ਦਿਨਾਂ ਬਾਅਦ ਹੀ ਪੌਦਿਆਂ ਲਈ ਲਗਾਏ ਗਾਰਡ ਗਾਇਬ ਹੋ ਗਏ ਜਦੋਂਕਿ ਹੁਣ ਟਾਵੇਂ ਟਾਵੇਂ ਪੌਦੇ ਤੇ ਗਾਰਡ ਹੀ ਨਜ਼ਰ ਆਉਂਦੇ ਹਨ। ਗਾਰਡ ਨਾ ਹੋਣ ਕਾਰਨ ਇਹ ਪੌਦੇ ਵੀ ਲਵਾਰਸ ਪਸ਼ੂਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਐਕਸੀਅਨ ਸੰਦੀਪ ਗਰੇਵਾਲ ਦਾ ਕਹਿਣਾ ਹੈ ਕਿ ਗਾਰਡ ਗਾਇਬ ਹੋਣ ਸਬੰਧੀ ਜਾਣਕਾਰੀ ਮਿਲੀ ਹੈ ਕੁਝ ਸ਼ਰਾਰਤੀ ਲੋਕਾਂ ਵਲੋਂ ਗਾਰਡ ਨੂੰ ਰਾਤ ਸਮੇਂ ਚੋਰੀ ਕੀਤਾ ਜਾ ਰਿਹਾ ਹੈ। ਫਿਲਹਾਲ ਉਨਾਂ ਵਲੋਂ ਮੁੜ ਇਸ ਪ੍ਰਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਗਾਰਡ ਦੇ ਵਿਕਲਪ ਵਿਚ ਕੁਝ ਹੋਰ ਲਗਾਇਆ ਜਾਵੇਗਾ।