ਜੀਐੱਸ ਮਹਿਰੋਕ, ਦੇਵੀਗੜ੍ਹ : ਪਿੰਡਾਂ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਸਮੱਸਿਆ ਵੱਡੇ ਪੱਧਰ 'ਤੇ ਆ ਰਹੀ ਹੈ ਅਤੇ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਦੀਆਂ ਫਸਲਾਂ ਸੋਕੇ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਸਬੰਧੀ ਪਿੰਡ ਸ਼ਾਦੀਪੁਰ, ਦੌਲਤਪੁਰ, ਦੁੜਦ, ਮਹਿਮੂਦਪੁਰ ਅਤੇ ਉਲਟਪੁਰ ਦੇ ਕਿਸਾਨਾਂ ਦਾ ਇੱਕ ਵਫਦ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ 'ਚ ਉਪ ਮੰਡਲ ਅਫਸਰ ਪੰਜਾਬ ਪਾਵਰਕੌਮ ਦੇਵੀਗੜ੍ਹ ਸਰਬਜੀਤ ਸਿੰਘ ਨੂੰ ਉਨਾਂ੍ਹ ਦੇ ਦਫਤਰ ਮਿਲਿਆ। ਵਫਦ ਨੇ ਉਨਾਂ੍ਹ ਨੂੰ ਦੱਸਿਆ ਉਪਰੋਕਤ ਪਿੰਡਾਂ ਨੂੰ ਦੋ ਫੀਡਰਾਂ ਰਾਹੀਂ ਬਿਜਲੀ ਸਪਲਾਈ ਮਿਲਦੀ ਹੈ ਤੇ ਇਹ ਲਾਈਨ ਬੜੀ ਲੰਮੀ ਤੇ ਭੁਨਰਹੇੜੀ ਬੀੜ 'ਚੋਂ ਗੁਜਰ ਕੇ ਜਾਂਦੀ ਹੈ। ਇਸ ਕਾਰਨ ਬਰਸਾਤ ਜਾਂ ਹਨੇਰੀ ਝੱਖੜ ਦੇ ਸਮੇਂ ਇਨਾਂ੍ਹ ਤਾਰਾਂ ਉਪਰ ਦਰੱਖਤ ਡਿੱਗ ਜਾਂਦੇ ਹਨ, ਜਿਸ ਕਾਰਨ ਲਾਈਨ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ ਤੇ ਕਈ ਕਈ ਦਿਨ ਠੀਕ ਨਹੀਂ ਹੁੰਦੀਆਂ, ਜਿਸ ਕਾਰਨ ਕਿਸਾਨਾਂ ਨੂੰ ਪਾਣੀ ਦੀ ਕਾਫੀ ਦਿੱਕਤ ਆਉਂਦੀ ਹੈ ਤੇ ਫਸਲਾਂ ਸੁੱਕ ਜਾਂਦੀਆਂ ਹਨ। ਇਸ ਲਈ ਵਫਦ ਨੇ ਬਿਜਲੀ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਇਨਾਂ੍ਹ ਫੀਡਰਾਂ ਦੀ ਲਾਈਨ ਦੀਆਂ ਤਾਰਾਂ ਦੀ ਥਾਂ ਕੇਬਲ ਪਾਈ ਜਾਵੇ। ਇਸ ਮੌਕੇ ਐੱਸਡੀਓ ਸਰਬਜੀਤ ਸਿੰਘ ਨੇ ਕਿਸਾਨ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਇਸ ਮੰਗ ਨੂੰ ਜਲਦੀ ਹੱਲ ਕਰਵਾਉਣਗੇ। ਇਸ ਮੌਕੇ ਵਫਦ 'ਚ ਬਲਵੰਤ ਸਿੰਘ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਲਾਡੀ, ਅਵਤਾਰ ਸਿੰਘ, ਜ਼ੋਰਾ ਸਿੰਘ ਦੁੜਦ, ਸੁਰਜੀਤ ਗਿਰ, ਅਜੈਬ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਬਲਵਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸੁਬੇਗ ਸਿੰਘ, ਮਨਜੀਤ ਸੰਧੂ, ਸੁਖਪਾਲ ਸਿੰਘ ਲਾਲੀ, ਰਵਨੀਤ ਸਿੰਘ ਸਰਪੰਚ ਆਦਿ ਮੌਜੂਦ ਸਨ।