ਮਾਮਲਾ ਸ਼੍ਰੀ ਕਾਲੀ ਮਾਤਾ ਮੰਦਰ 'ਚ ਹੋਈ ਬੇਅਦਬੀ ਦਾ

ਹਰਿੰਦਰ ਸ਼ਾਰਦਾ, ਪਟਿਆਲਾ

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਹੋਈ ਬੇਅਦਬੀ ਦੇ ਵਿਰੁੱਧ ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ 'ਤੇ ਭਾਰੀ ਹਮਾਇਤ ਮਿਲੀ। ਇਸ ਮੌਕੇ ਜਥੇਬੰਦੀਆਂ ਵੱਲੋਂ ਜਿਥੇ ਸ਼ਹਿਰ ਵਿਚ ਪੈਦਲ ਮਾਰਚ ਕੱਿਢਆ ਗਿਆ, ਉੱਥੇ ਹੀ ਬਜ਼ਾਰਾਂ ਤੇ ਮੁਹੱਲਿਆਂ 'ਚ ਦੁਕਾਨਾਂ ਨੂੰ ਬੰਦ ਕਰਵਾਇਆ। ਇਸ ਦੌਰਾਨ ਹਿੰਦੂ ਭਾਈਚਾਰੇ ਦੇ ਵੱਡੇ ਇੱਕਠ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ।

ਜਾਣਕਾਰੀ ਅਨੁਸਾਰ ਸ਼੍ਰੀ ਹਿੰਦੂ ਤਖ਼ਤ ਤੇ ਹਿੰਦੂ ਸੁਰੱਖਿਆ ਸੰਮਤੀ ਪ੍ਰਮੁੱਖ ਪੰਚਾਨੰਦ ਗਿਰੀ ਮਹਾਰਾਜ ਵੱਲੋਂ ਪਟਿਆਲਾ ਬੰਦ ਤੇ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸੱਦੇ ਤਹਿਤ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਵੱਡੀ ਗਿਣਤੀ 'ਚ ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਰਕਰ ਇਹ ਮਾਰਚ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ। ਜਿਨ੍ਹਾਂ ਵੱਲੋਂ ਮੰਗਲਵਾਰ ਦੀ ਸਵੇਰ 10 ਵਜੇ ਸ਼ਹਿਰ ਵਿਚ ਰੋਸ ਮਾਰਚ ਕੱਢਦਿਆਂ ਪ੍ਰਦਰਸ਼ਨ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਰਚ ਉਪਰੰਤ ਪੁੱਜੇ ਵਰਕਰਾਂ ਵੱਲੋਂ ਮੁੜ ਸ਼੍ਰੀ ਕਾਲੀ ਮਾਤਾ ਮੰਦਰ ਸਾਹਮਣੇ ਰੋਡ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਡੀਸੀ ਸੰਦੀਪ ਹੰਸ ਤੇ ਐੱਸਐੱਸਪੀ ਸੰਦੀਪ ਗਰਗ ਪਟਿਆਲਾ ਨੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਆ ਕੇ ਸਮੂਹ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਤੇ ਆਪਣੀ ਜਾਂਚ ਬਾਰੇ ਵਿਸਥਾਰ ਨਾਲ ਦੱਸਿਆ ਸਮੂਹ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੇ ਸਾਹਮਣੇ ਵਿਸ਼ੇਸ਼ ਤੌਰ 'ਤੇ ਆਪਣੀ ਗੱਲ ਰੱਖੀ। ਇਸ ਮੌਕੇ ਸੀਨੀਅਰ ਪ੍ਰਚਾਰਕ ਰਾਜੇਸ਼ ਕੇਹਰ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਇਸ ਸਾਜਿਸ਼ ਦੇ ਪਿੱਛੇ ਦੀਆਂ ਤਾਕਤਾਂ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਨੇ ਜ਼ਿਲ੍ਹਾ ਪਟਿਆਲਾ ਦੇ ਸਾਰੇ ਮੰਦਰਾਂ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਤਾਂ ਜੋ ਭਵਿੱਖ 'ਚ ਅਜਿਹੀ ਘਟਨਾ ਨਾ ਵਾਪਰੇ। ਸ਼੍ਰੀ ਕਾਲੀ ਮਾਤਾ ਮੰਦਰ ਵਿਚ ਸੁਰੱਖਿਆ ਪ੍ਰਬੰਧਾਂ 'ਚ ਆਈਆਂ ਖਾਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਫ਼ੋਕਲ ਪੁਆਇੰਟ 'ਚ ਫ਼ੈਕਟਰੀ ਮਾਲਕਾਂ ਨੇ ਵੀ ਬੰਦ ਦੇ ਸਮਰਥਨ 'ਚ ਰੋਸ ਪ੍ਰਦਰਸ਼ਨ ਕੀਤਾ।

----------

ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰਾਂ ਨੇ ਕੀਤਾ ਰੋਸ ਮੁਜ਼ਾਹਰਾ

ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ 'ਚ ਸਮੂਹ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਤੇ ਇਸ ਘਟਨਾ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਰਵਿੰਦਰ ਸਿੰਗਲਾ, ਸ਼ਮਾਕਾਂਤ ਪਾਂਡੇ, ਕੇਕੇ ਗਾਬਾ, ਰਾਜਿੰਦਰ ਪਾਲ ਆਨੰਦ ਸੇਵਾ ਮੁਕਤ ਡੀਐੱਸਪੀ, ਅਮਰਜੀਤ ਬੰਟੀ, ਐਡਵੋਕੇਟ ਪੰਕਜ ਗੌੜ, ਪ੍ਰਦੀਪ ਯਾਦਵ ਆਦਿ ਹਾਜ਼ਰ ਸਨ।

---------------

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਵਾਪਰੀ ਘਟਨਾ ਨਾ ਭੁੱਲਣਯੋਗ : ਮੋਹਿਤ ਮੋਹਿੰਦਰਾ

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਪਟਿਆਲਾ ਦਿਹਾਤੀ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਮੰਦਿਰ 'ਚ ਨਤਮਸਤਕ ਹੋਏ। ਉਨਾਂ੍ਹ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਕੱਲ੍ਹ ਦੀ ਮੰਦਭਾਗੀ ਘਟਨਾ ਨਾ ਭੁੱਲਣਯੋਗ ਹੈ। ਉਨਾਂ੍ਹ ਨੇ ਕਿਹਾ ਕਿ ਉਹ ਸ਼੍ਰੀ ਕਾਲੀ ਮਾਤਾ ਦੇ ਦਰਸ਼ਨ ਕਰ ਕੇ ਪੰਜਾਬ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਨ ਲਈ ਆਏ ਹਨ, ਤਾਂ ਕਿ ਲੋਕਾਂ ਸ਼ਾਂਤੀ ਤੇ ਸਦਭਾਵਨਾ ਬਣੀ ਰਹੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾ ਦੁਬਾਰਾ ਨਾ ਵਾਪਰ ਸਕੇ। ਉਨਾਂ੍ਹ ਦੀ ਚੋਣ ਕਮਿਸ਼ਨ ਨੂੰ ਅਪੀਲ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਘਟਨਾ 'ਚ ਸ਼ਾਮਲ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

----------

ਐੱਮਪੀ ਪਰਨੀਤ ਕੌਰ ਵੱਲੋਂ ਘਟਨਾ ਦੀ ਨਿਖੇਧੀ

ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਬੀਤੇ ਕੱਲ੍ਹ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਪ੍ਰਸ਼ਾਸਨ ਨੂੰ ਘਟਨਾ ਪਿੱਛੇ ਦੋਸ਼ੀਆਂ ਖਿਲਾਫ਼ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨਾਂ੍ਹ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਹੁਤ ਹੀ ਚਿੰਤਾਜਨਕ ਹਨ ਅਤੇ ਉਹ ਪੰਜਾਬ ਸਰਕਾਰ ਨੂੰ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦੇ ਹਨ।

----------

ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼ ਦੀ ਦੁਖਦਾਈ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਨ। ਪੰਜਾਬ ਦੀ ਸ਼ਾਂਤੀ ਨੂੰ ਵਾਰ-ਵਾਰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ ਤਾਂ ਜੋ ਸੂਬੇ ਦਾ ਮਾਹੌਲ ਖਰਾਬ ਨਾ ਹੋਵੇ।

------------

ਬੇਅਦਬੀ ਦੀ ਘਟਨਾ ਦੁੱਖਦਾਇਕ : ਕੋਹਲੀ

ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਜੀ ਮੰਦਰ ਪਟਿਆਲਾ 'ਚ ਹੋਈ ਬੇਅਦਬੀ ਦੀ ਘਟਨਾ ਬਹੁਤ ਹੀ ਦੁੱਖਦਾਇਕ ਤੇ ਨਿਖੇਧੀਯੋਗ ਹੈ, ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੀ ਸ਼ਾਂਤੀ ਭੰਗ ਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੂੰ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਅਪੀਲ ਹੈ।

------------------

ਘਟਨਾ 'ਚ ਸ਼ਾਮਲ ਅਸਲ ਮੁਲਜ਼ਮਾਂ ਦੀ ਕੀਤੀ ਜਾਵੇ ਘੋਖ : ਹਰਪਾਲ ਜੁਨੇਜਾ

ਹਲਕਾ ਪਟਿਆਲਾ ਸ਼ਹਿਰੀ ਤੋਂ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੂਨੇਜਾ ਵੱਲੋਂ ਪਟਿਆਲਾ ਬੰਦ ਦਾ ਸਮਰਥਨ ਕੀਤੇ ਤੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜੂਨੇਜਾ ਕਿਹਾ ਕਿ ਇਤਿਹਾਸਕ ਮੰਦਰ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਵਾਪਰੀ ਘਟਨਾ ਨਾ ਸਹਿਣਯੋਗ ਹੈ। ਉਹ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਸਲੀ ਚਿਹਰੇ ਸਾਹਮਣੇ ਆਉਣੇ ਚਾਹੀਦੇ ਹਨ, ਜਿਨ੍ਹਾਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।