ਨੌਕਰੀ ਦੀ ਮੰਗ ਲਈ ਧਰਨਾ 31ਵੇਂ ਦਿਨ ਜਾਰੀ, ਅੱਜ ਭੁੱਖ ਹੜਤਾਲ ਕਰਨਗੇ ਸ਼ੁਰੂ

ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪਾਵਰਕਾਮ 'ਚ ਨੌਕਰੀ ਲੈਣ ਦੀ ਮੰਗ ਕਰ ਰਹੇ ਮਿ੍ਤਕ ਮੁਲਾਜ਼ਮਾਂ ਦੇ ਵਾਰਿਸਾਂ ਦਾ ਧਰਨਾ 31ਵੇਂ ਦਿਨ ਵੀ ਪਾਵਰਕਾਮ ਦੀ ਸਿਖ਼ਰਲੀ ਮੰਜ਼ਿਲ 'ਤੇ ਜਾਰੀ ਰਿਹਾ। ਇਸ ਤਹਿਤ ਪਾਵਰਕਾਮ ਦੇ ਮੁੱਖ ਗੇਟ ਅੱਗੇ ਪਾਵਰਕਾਮ ਦੇ ਤਿੰਨੋਂ ਗੇਟਾਂ ਨੂੰ ਤਾਲੇ ਲਾ ਕੇ ਬੈਠੇ ਧਰਨਾਕਾਰੀ ਵਾਰਿਸਾਂ ਦਾ ਪ੍ਰਸ਼ਾਸਨ ਖਿਲਾਫ਼ ਰੋਹ ਮਘ ਗਿਆ ਹੈ। ਵਾਰਿਸਾਂ ਨੇ ਰੋਸ ਵਜੋਂ 18 ਅਕਤੂਬਰ ਨੂੰ ਪਾਵਰ ਕਾਲੋਨੀ ਸਥਿਤ ਗੈਸਟ ਹਾਊਸ ਨੂੰ ਤਾਲੇ ਲਾਉਣ ਦਾ ਐਲਾਨ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤਕ ਪਾਵਰਕਾਮ ਵਲੋਂ ਮਿ੍੍ਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ, ਉਦੋਂ ਤਕ ਉਹ ਸੰਘਰਸ਼ ਸਮਾਪਤ ਨਹੀਂ ਕਰਨਗੇ।

ਜਾਣਕਾਰੀ ਅਨੁਸਾਰ ਪਾਵਰਕਾਮ 'ਚ ਨੌਕਰੀ ਦੌਰਾਨ ਫ਼ੌਤ ਹੋਏ ਮੁਲਾਜ਼ਮਾਂ ਦੇ ਵਾਰਿਸ ਨੌਕਰੀ ਦੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਵਾਰਿਸਾਂ ਵਲੋਂ ਆਪਣੀਆਂ ਮੰਗਾਂ ਲਾਗੂ ਕਰਾਉਣ ਲਈ ਟੈਂਕੀਆਂ 'ਤੇ ਧਰਨੇ ਮੁਜ਼ਾਹਰੇ, ਖ਼ੁਦ 'ਤੇ ਪੈਟਰੋਲ ਤੇ ਡੀਜ਼ਲ ਪਾਉਣ ਦੇ ਨਾਲ ਸਲਫ਼ਾਸ ਨਿਗਲ ਕੇ ਖੁਦਕੁਸ਼ੀਆਂ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਤੇ ਪਾਵਰਕਾਮ ਵੱਲੋਂ ਹਰ ਵਾਰ ਮੀਟਿੰਗਾਂ ਕਰ ਕੇ ਉਨਾਂ੍ਹ ਦੀਆਂ ਮੰਗਾਂ ਨੂੰ ਟਾਲ ਦਿੱਤਾ ਜਾਂਦਾ ਹੈ। ਧਰਨੇ 'ਤੇ ਬੈਠੇ ਵਾਰਿਸਾਂ ਨੂੰ 31 ਦਿਨ ਲੰਘ ਜਾਣ ਤੋਂ ਬਾਅਦ ਐਤਵਾਰ ਨੂੰ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਮਿ੍ਤਕ ਆਸ਼ਰਿਤ ਯੂਨੀਅਨ ਦੇ ਸੂਬਾ ਪ੍ਰਧਾਨ ਚਰਨਜੀਤ ਦਿਓਣ ਨੇ ਕਿਹਾ ਕਿ ਵਾਰਸਾਂ ਵਲੋਂ ਪਾਵਰਕਾਮ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਆਪਣੀਆਂ ਮੰਗਾਂ ਲਾਗੂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਕੋਈ ਵੀ ਅਧਿਕਾਰੀ ਜਾਂ ਮੰਤਰੀ ਉਨਾਂ੍ਹ ਦੀ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ। ਉਨਾਂ੍ਹ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਬਹੁਤ ਉਮੀਦਾਂ ਸਨ ਪਰ ਉਨਾਂ੍ਹ ਵਲੋਂ ਵੀ ਮੰਗਾਂ ਦੀ ਸੁਣਵਾਈ ਨਾ ਕਰਨ ਸਬੰਧੀ ਟਾਲਾ ਵੱਟਿਆ ਹੋਇਆ ਹੈ। ਇਸ ਸਬੰਧੀ ਵਿਚ ਉਹ ਨਵ-ਨਿਯੁਕਤ ਕੈਬਨਿਟ ਮੰਤਰੀਆਂ ਨਾਲ ਵੀ ਮੀਟਿੰਗ ਕਰ ਚੁੱਕੇ ਹਨ। ਹਾਲਾਂਕਿ ਉਨਾਂ੍ਹ ਦੇ ਕਹਿਣ 'ਤੇ ਪਾਵਰਕਾਮ ਪ੍ਰਸ਼ਾਸਨ ਵਲੋਂ ਦੀਵਾਲੀ ਤਕ ਸਿਰਫ਼ ਜ਼ੁਬਾਨੀ ਨੌਕਰੀ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਕੋਈ ਵੀ ਲਿਖ਼ਤ ਰੂਪ ਵਿਚ ਭਰੋਸਾ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਉਹ ਇਥੇ ਧਰਨਾ ਲਾ ਕੇ ਬੈਠੇ ਹੋਏ ਹਨ। ਉਨਾਂ੍ਹ ਕਿਹਾ ਕਿ ਹਰ ਵਾਰ ਇਸੇ ਤਰਾਂ੍ਹ ਭਰੋਸਾ ਦੇਣ ਤੋਂ ਬਾਅਦ ਉਨਾਂ੍ਹ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ ਹੈ। ਉਨਾਂ੍ਹ ਚਿਤਾਵਨੀ ਦਿੱਤੀ ਕਿ ਜਦੋਂ ਤਕ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਹ ਧਰਨਾ ਸਮਾਪਤ ਨਹੀਂ ਕਰਨਗੇ।