ਨਵਦੀਪ ਢੀਂਗਰਾ, ਪਟਿਆਲਾ : ਸ਼ਹਿਰ ਵਿਚ ਤੇਜ਼ੀ ਨਾਲ ਵੱਧ ਰਹੀ ਟਰੈਫਿਕ ਸਮੱਸਿਆ ਦੇ ਹੱਲ ਲਈ ਰੇਲਵੇ ਫਾਟਕ ਨੰਬਰ 23 ਅਤੇ ਰੇਲਵੇ ਸਟੇਸ਼ਨ ਨੇੜੇ ਪੈਂਦੇ 17 ਨੰਬਰ ਰੇਲਵੇ ਫਾਟਕ ਹੇਠ ਅੰਡਰਬਿ੍ਜ ਬਣਾਏ ਜਾਣ ਦੀ ਮੰਗ ਕਈ ਵਾਰ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਰੇਲਵੇ ਵਿਭਾਗ ਤੋਂ ਕੀਤੀ ਸੀ। ਰੇਲਵੇ ਵਿਭਾਗ ਨੇ 17 ਨੰਬਰ ਰੇਲਵੇ ਫਾਟਕ ਦੇ ਹੇਠਾਂ ਅੰਡਰ ਬਿ੍ਜ ਬਣਾਉਣ ਦੀ ਮੰਗ ਮੰਨ ਲਈ ਹੈ। ਇਸ ਸਬੰਧੀ ਰੇਲਵੇ ਇੰਜੀਨੀਅਰ ਨਰਿੰਦਰਪਾਲ ਸਿੰਘ ਅਤੇ ਚੰਦਰਕਾਂਤ ਕੇਸ਼ਵ ਨੇ ਵੀਰਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ 17 ਨੰਬਰ ਰੇਲਵੇ ਫਾਟਕ ਦੇ ਹੇਠਾਂ ਅੰਡਰ ਬਿ੍ਜ ਬਣਾਉਣ ਦੀ ਯੋਜਨਾ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਅਕਤੂਬਰ ਦੇ ਅੱਧ ਤੋਂ ਅੰਡਰ ਬਿ੍ਜ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਰੇਲਵੇ ਇੰਜੀਨੀਅਰ ਇਸ ਪੁਲ ਨੂੰ ਮਹਿਜ਼ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਦੇਣਗੇ। ਅੰਡਰਬਿ੍ਜ ਬਣਨ ਤੋਂ ਬਾਅਦ 17 ਨੰਬਰ ਰੇਲਵੇ ਫਾਟਕ ਹਮੇਸ਼ਾ ਲਈ ਬੰਦ ਹੋ ਜਾਵੇਗਾ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਰੇਲਵੇ ਇੰਜੀਨੀਅਰਾਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ 17 ਨੰਬਰ ਰੇਲਵੇ ਫਾਟਕ ਦੇ ਹੇਠਾਂ ਅੰਡਰ ਬਿ੍ਜ ਬਣਨ ਨਾਲ ਸ਼ਹਿਰ ਵਿਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ। ਗੁਰਦੁਆਰਾ ਦੂਖ ਨਿਵਾਰਨ, ਫੈਕਟਰੀ ਏਰੀਆ, ਕਰਤਾਰ ਪਾਰਕ ਕਾਲੋਨੀ, ਫੈਕਟਰੀ ਏਰੀਆ ਦੀ ਬਾਂਧਾ ਰੋਡ, ਡੀਐੱਮਡਬਲਯੂ ਆਦਿ ਇਲਾਕਿਆਂ ਨੂੰ ਇਸ ਅੰਡਰ ਬਿ੍ਜ ਦੇ ਬਣਨ ਨਾਲ ਵੱਡਾ ਲਾਭ ਮਿਲੇਗਾ। ਮੀਟਿੰਗ ਦੌਰਾਨ ਰੇਲਵੇ ਇੰਜੀਨੀਅਰਾਂ ਨੇ ਮੇਅਰ ਤੋਂ ਮੰਗ ਕੀਤੀ ਕਿ ਉਹ ਰੇਲਵੇ ਫਾਟਕ ਨੰਬਰ 17 ਦੇ ਆਲੇ-ਦੁਆਲੇ ਲਗਾਏ ਗਏ ਨਗਰ ਨਿਗਮ ਦੇ ਅੱਠ ਸਟਰੀਟ ਲਾਈਟ ਖੰਭੇ ਤੁਰੰਤ ਹਟਾਉਣ ਦਾ ਪ੍ਰਬੰਧ ਕਰਨ ਤਾਂ ਜੋ ਅੰਡਰ ਬਿ੍ਜ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਸਕੇ। ਮੇਅਰ ਅਨੁਸਾਰ ਰੇਲਵੇ ਵਿਭਾਗ ਨੇ ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਦੇ ਯਤਨਾਂ ਨਾਲ ਪਟਿਆਲਾ ਰੇਲਵੇ ਸਟੇਸ਼ਨ ਨੂੰ ਮਾਡਲ ਰੇਲਵੇ ਸਟੇਸ਼ਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰੇਲਵੇ ਸਟੇਸ਼ਨ ਦਾ ਉਹ ਹਿੱਸਾ ਜਿੱਥੇ ਮਾਲ ਗੱਡੀਆਂ ਵਿਚ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਹੁੰਦਾ ਸੀ, ਨੂੰ ਪਿੰਡ ਕੌਲੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਰੇਲਵੇ ਸਟੇਸ਼ਨ ਤਕ ਪਹੁੰਚਣ ਲਈ ਦੋ ਰਸਤੇ ਦਿੱਤੇ ਜਾਣਗੇ ਅਤੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਲਗਾਤਾਰ ਜਾਰੀ ਹੈ। ਰਾਜਪੁਰਾ-ਬਠਿੰਡਾ ਡਬਲ ਲਾਈਨ ਅਗਲੇ ਸਾਲ ਦੇ ਅੰਤ ਤਕ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਪਟਿਆਲਾ ਰੇਲਵੇ ਸਟੇਸ਼ਨ ਨੂੰ ਮਾਰਡਨ ਰੇਲਵੇ ਸਟੇਸ਼ਨ ਦਾ ਦਰਜਾ ਮਿਲ ਜਾਵੇਗਾ। ਅੰਡਰ ਬਿ੍ਜ ਦਾ ਕੰਮ ਪੂਰਾ ਹੋਣ ਤਕ 17 ਨੰਬਰ ਦਾ ਰੇਲਵੇ ਫਾਟਕ ਪੂਰੀ ਤਰ੍ਹਾਂ ਬੰਦ ਰਹੇਗਾ ਪਰ ਪੁਲ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਦੀ ਵਰਤੋਂ ਛੋਟੇ ਵਾਹਨਾਂ ਲਈ ਹੀ ਕੀਤੀ ਜਾਵੇਗੀ, ਜਦੋਂਕਿ ਵੱਡੇ ਵਾਹਨਾਂ ਨੂੰ ਰੇਲਵੇ ਲਾਈਨ ਪਾਰ ਕਰਨ ਲਈ ਬੱਸ ਸਟੈਂਡ ਨੇੜੇ ਬਣੇ ਫਲਾਈਓਵਰ ਦੀ ਵਰਤੋਂ ਕਰਨੀ ਪਵੇਗੀ।