ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ :

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸ਼ੋਅ ਪ੍ਰਰੋਗਰਾਮ ਨੌਜਵਾਨ ਪੀੜ੍ਹੀ ਲਈ ਸਹਾਈ ਹੋਵੇਗਾ ਤੇ ਗੁਰੂ ਜੀ ਦੀ ਜੀਵਨੀ, ਫਲਸਫੇ ਅਤੇ ਸੰਦੇਸ਼ ਨੌਜਵਾਨਾਂ ਨੂੰ ਸਮਾਜਿਕ ਲਾਹਨਤਾਂ ਤੋਂ ਦੂਰ ਰੱਖਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ। ਇਹ ਪ੍ਰਗਟਾਵਾ ਐੱਸਡੀਐੱਮ ਡਾ. ਸੰਜੀਵ ਕੁਮਾਰ ਨੇ ਖੇਡ ਸਟੇਡੀਅਮ ਵਿਖੇ ਸਥਾਪਤ ਕੀਤੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ ਕਰਵਾਉਣ ਉਪਰੰਤ ਕੀਤਾ। ਇਸ ਮਗਰੋਂ ਸਕੂਲੀ ਬੱਚਿਆਂ ਸਮੇਤ ਅੌਰਤਾਂ, ਪੇਂਡੂ ਤੇ ਸ਼ਹਿਰੀ ਲੋਕਾਂ ਨੇ ਡਿਜੀਟਲ ਮਿਊਜ਼ੀਅਮ ਦੇਖਿਆ। ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਇਹ ਯਤਨ ਸ਼ਲਾਘਾਯੋਗ ਹੈ ਤੇ ਅਜਿਹੇ ਯਤਨ ਨੌਜਵਾਨਾਂ ਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਵਿਰਾਸਤ ਨਾਲ ਜੋੜਨ ਵਿਚ ਮਦਦਗ਼ਾਰ ਸਿੱਧ ਹੁੰਦੇ ਹਨ।

ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ 8 ਅਤੇ 9 ਦਸੰਬਰ ਨੂੰ ਵੀ ਖੇਡ ਸਟੇਡੀਅਮ ਵਿਖੇ ਸਵੇਰੇ 7 ਤੋਂ ਸ਼ਾਮ 5 ਵਜੇ ਤਕ ਡਿਜੀਟਲ ਮਿਊਜ਼ੀਅਮ ਦੇਖਿਆ ਜਾ ਸਕਦਾ ਹੈ ਤੇ 8 ਤੇ 9 ਦਸੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਅਧਾਰਤ ਲਾਈਟ ਐਂਡ ਸਾਊਂਡ ਸ਼ੋਅ ਪ੍ਰਰੋਗਰਾਮ ਸ਼ਾਮ 6 ਤੋਂ ਸ਼ਾਮ 6:45 ਵਜੇ ਤਕ ਅਤੇ ਦੂਜਾ ਸ਼ੋਅ 7:30 ਤੋਂ 8:15 ਵਜੇ ਤਕ ਦਿਖਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨ ਵਰਗ ਨੂੰ ਇਸ ਪ੍ਰਰੋਗਰਾਮ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਯਤਨ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਮਜ਼ਬੂਤ ਰੱਖਣ ਵਿਚ ਸਹਾਈ ਸਿੱਧ ਹੋਵੇਗਾ ਤੇ ਹਰੇਕ ਵਰਗ ਦੇ ਲੋਕ ਗੁਰੂ ਜੀ ਦੇ ਫਲਸਫੇ ਤੋਂ ਜਾਣੂ ਹੋ ਕੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਰੋਗਰਾਮ ਵਿਚ ਦਾਖਲਾ ਮੁਫ਼ਤ ਹੈ।