ਮਹਿੰਦਰਪਾਲ ਬੱਬੀ, ਭਾਦਸੋਂ : ਭਾਦਸੋਂ ਲਾਗਲੇ ਪਿੰਡ ਖੇੜੀ ਜੱਟਾਂ ਦੇ 25 ਕੁ ਸਾਲ ਦੇ ਇੱਕ ਨੌਜਵਾਨ ਫੌਜੀ ਨਵਰਾਜ ਸਿੰਘ ਪੁੱਤਰ ਅਵਤਾਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਜੰਮੂ ਦੇ ਰਾਜੌਰੀ ਸਰਹੱਦੀ ਖੇਤਰ ’ਚ ਚੱਲੀ ਗੋਲ਼ੀ ਨਾਲ ਫ਼ੌਜ ਦੀ 14 ਪੰਜਾਬ ਯੂਨਿਟ ਦੇ ਦੋ ਜਵਾਨਾਂ ਦੀ ਮੌਤ ਹੋਈ । ਵੀਰਵਾਰ ਦੁਪਹਿਰ ਨੂੰ ਸਰਹੱਦ ’ਤੇ ਅਚਾਨਕ ਗੋਲ਼ੀਆਂ ਚੱਲਣ ਦੀ ਆਵਾਜ਼ ਆਉਣ ‘ਤੇ ਉਸੇ ਸਮੇਂ ਜਵਾਨ ਤੇ ਫ਼ੌਜੀ ਅਧਿਕਾਰੀ ਮੌਕੇ ’ਤੇ ਪੁੱਜੇ । ਉਨ੍ਹਾਂ ਦੇਖਿਆ ਕਿ ਸਿਪਾਹੀ ਸਰਬਜੀਤ ਸਿੰਘ ਤੇ ਸਿਪਾਹੀ ਨਵਰਾਜ ਸਿੰਘ ਦੋਵੇਂ ਖੂਨ ਨਾਲ ਲਥਪਥ ਪਏ ਹੋਏ ਹਨ। ਦੋਵਾਂ ਨੂੰ ਤੁਰੰਤ ਨਜ਼ਦੀਕੀ ਫ਼ੌਜੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਦੋਵਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਜੌਰੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ, ਦੋਵਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਯੂਨਿਟ ਹੈੱਡਕੁਆਰਟਰ ’ਚ ਰੱਖਿਆ ਗਿਆ ਹੈ।

ਫ਼ਿਲਹਾਲ ਗੋਲ਼ੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।ਪ੍ਰਾਪਤ ਜਾਣਕਾਰੀ ਮ੍ਰਿਤਕ ਫ਼ੌਜੀ ਨਵਰਾਜ ਸਿੰਘ ਦਾ ਇੱਕ ਭਰਾ ਤੇ ਇੱਕ ਭੈਣ ਹਨ। ਮੱਧ ਵਰਗੀ ਪਰਿਵਾਰ ਦਾ ਪੁੱਤਰ ਨਵਰਾਜ 6 ਕੁ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ ਅਤੇ ਹਾਲੇ ਕੁਆਰਾ ਸੀ । ਘਟਨਾ ਦਾ ਪਤਾ ਚਲਦਿਆਂ ਹੀ ਪੂਰੇ ਭਾਦਸੋ ਦੇ ਇਲਕੇ ਵਿਚ ਸ਼ੋਕ ਦੀ ਲਹਿਰ ਛਾ ਗਈ ਹੈ।

Posted By: Jagjit Singh