ਨਵਦੀਪ ਢੀਂਗਰਾ, ਪਟਿਆਲਾ : ਨਗਰ ਨਿਗਮ ਦੀ ਹੱਦ ਅੰਦਰ ਜੇ ਕੋਈ ਨਾਗਰਿਕ ਗੰਦਗੀ ਨਾਲ ਸਬੰਧਤ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਤਾਂ ਇਸ ਬਾਰੇ ਸ਼ਿਕਾਇਤ ਕਰਨ ਲਈ ਨਗਰ ਨਿਗਮ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਇਹ ਸ਼ਿਕਾਇਤ ਘਰ ਬੈਠੇ 'ਸਵੱਛਤਾ ਐਪ' ਰਾਹੀਂ ਦਿੱਤੀ ਜਾ ਸਕਦੀ ਹੈ। ਨਿਗਮ ਦੇ ਸੈਨੇਟਰੀ ਵਿਭਾਗ ਲਈ ਇਹ ਲਾਜ਼ਮੀ ਹੈ ਕਿ ਐਪ ਰਾਹੀਂ ਕੀਤੀ ਗਈ ਹਰ ਸ਼ਿਕਾਇਤ ਦਾ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇ। ਐਪ ਰਾਹੀਂ ਪ੍ਰਰਾਪਤ ਕੀਤੀ ਗਈ ਹਰ ਸ਼ਿਕਾਇਤ ਖੇਤਰ ਦੇ ਸੈਨੇਟਰੀ ਇੰਸਪੈਕਟਰ ਨੂੰ ਭੇਜੀ ਜਾਂਦੀ ਹੈ ਅਤੇ ਏਰੀਆ ਸੈਨੇਟਰੀ ਇੰਸਪੈਕਟਰ ਇਸ ਨੂੰ ਆਪਣੇ ਪੱਧਰ 'ਤੇ ਹੱਲ ਕਰੇਗਾ। ਇੰਸਪੈਕਟਰ ਐਪ 'ਤੇ ਹੀ ਆਪਣੀ ਰਿਪੋਰਟ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਸ਼ਿਕਾਇਤਕਰਤਾ ਨੂੰ ਭੇਜੇਗਾ।

ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਨਾਗਰਿਕਾਂ ਦੀ ਸਹੂਲਤ ਲਈ ਇਹ ਜਾਣਕਾਰੀ ਦਿੱਤੀ ਹੈ। ਜੁਆਇੰਟ ਕਮਿਸ਼ਨਰ ਲਾਲ ਵਿਸ਼ਵਾਸ ਦਾ ਕਹਿਣਾ ਹੈ ਕਿ ਘਰ ਬੈਠ ਕੇ ਸਫਾਈ ਅਤੇ ਹੋਰ ਕਈ ਸਹੂਲਤਾਂ ਨੂੰ ਚੰਗਾ ਬਣਾਉਣ ਲਈ ਸਵੱਛਤਾ ਐਪ ਰਾਹੀਂ ਗੰਭੀਰਤਾ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਰੇਕ ਸ਼ਿਕਾਇਤ ਦੇ ਹੱਲ ਲਈ ਸਮਾਂ ਨਿਸ਼ਚਿਤ ਕੀਤਾ ਜਾ ਚੁੱਕਾ ਹੈ ਅਤੇ ਸੈਨੇਟਰੀ ਇੰਸਪੈਕਟਰ ਜੋ ਨਿਰਧਾਰਤ ਸਮੇਂ ਅੰਦਰ ਕੰਮ ਪੂਰਾ ਨਹੀਂ ਕਰਦਾ, ਉਸ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਜਾਂ ਆਈ ਫ਼ੋਨ ਦੇ ਐਪ ਸਟੋਰ ਤੋਂ ਸਵੱਛਤਾ ਐਪ ਡਾਊਨਲੋਡ ਕਰਨੀ ਹੈ। ਫੋਨ ਨੰਬਰ ਵੈਰੀਫ਼ਾਈ ਹੋਣ ਤੋਂ ਬਾਅਦ 'ਪੋਸਟ ਕੰਪਲੇਂਟ' 'ਤੇ ਕਲਿੱਕ ਕਰਨਾ ਹੈ। ਗੰਦਗੀ ਸਬੰਧੀ ਫ਼ੋਟੋ ਖਿੱਚ ਕੇ ਜਾਂ ਫ਼ੋਨ ਗੈਲਰੀ ਵਿਚੋਂ ਫ਼ੋਟੋ ਅਪਲੋਡ ਕਰਨੀ ਹੈ ਤੇ ਸ਼ਿਕਾਇਤ ਦੀ ਸ਼ੇ੍ਣੀ ਦੀ ਚੋਣ ਕਰਨੀ ਹੈ। ਸਵੱਛਤਾ ਐਪ ਤੋਂ ਇਲਾਵਾ ਉਪਰੋਕਤ ਕੈਟਾਗਰੀਆਂ ਸਬੰਧੀ ਨਗਰ ਨਿਗਮ ਪਟਿਆਲਾ ਵੱਲੋਂ ਦਿੱਤੇ ਗਏ ਵ੍ਹਟਸਐਪ ਨੰਬਰ 87509-75975 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

-------------------------

ਇਸ ਸਬੰਧੀ ਵੀ ਕੀਤੀ ਜਾ ਸਕਦੀ ਹੈ ਸ਼ਿਕਾਇਤ

ਐਪ ਵਿਚ ਸੀਵਰੇਜ ਸਬੰਧੀ ਸ਼ਿਕਾਇਤ, ਗੰਦਗੀ ਦੇ ਢੇਰ, ਸਫ਼ਾਈ ਸੇਵਕ ਦੇ ਨਾ ਆਉਣ, ਸਫ਼ਾਈ ਵਾਲੀ ਗੱਡੀ ਨਾ ਆਉਣ, ਡਸਟਬਿਨ ਦੇ ਸਾਫ਼ ਨਾ ਹੋਣ ਸਬੰਧੀ, ਜਨਤਕ ਪਖਾਨੇ ਵਿਚ ਪਾਣੀ ਨਾ ਹੋਣ, ਬਿਜਲੀ ਨਾ ਹੋਣ, ਪਾਣੀ ਨਾ ਹੋਣ, ਪਖਾਨੇ ਬਲਾਕ ਹੋਣ, ਸਾਫ਼ ਨਾ ਹੋਣ ਸਬੰਧੀ, ਖੁੱਲ੍ਹੇ ਵਿਚ ਸ਼ੌਚ ਜਾਂ ਖੁੱਲ੍ਹੇ ਵਿਚ ਪਿਸ਼ਾਬ ਕਰਨ ਵਾਲੇ ਖ਼ਿਲਾਫ਼ ਅਤੇ ਕੋਰੋਨਾ ਸਬੰਧੀ ਸ਼ਿਕਾਇਤਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਵੱਛਤਾ ਐਪ 'ਤੇ ਕੋਈ ਵੀ ਵਿਅਕਤੀ ਆਪਣੀ ਪ੍ਰਰੋਫ਼ਾਈਲ ਬਣਾ ਕੇ ਸਵੱਛਤਾ ਮੁਹਿੰਮ ਵਿਚ ਯੋਗਦਾਨ ਦੀਆਂ ਤਸਵੀਰਾਂ ਵੀ ਇਸ ਐਪ ਵਿਚ ਪਾ ਸਕਦਾ ਹੈ।

--------------------

ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਜ਼ਿਕਰਯੋਗ ਹੈ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ 'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਨੂੰ ਸ਼ਹਿਰ ਵਿਚ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨਾਲ ਹੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ ਅਤੇ ਸੈਨੇਟਰੀ ਟੀਮ ਦੇ ਮੈਂਬਰ ਘਰਾਂ ਵਿਚ ਸਫਾਈ ਦੇ ਨਾਲ-ਨਾਲ ਗਿੱਲੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਦੋ ਡਸਟਬਿਨ ਰੱਖਣ ਲਈ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।