ਨਵਦੀਪ ਢੀਂਗਰਾ, ਪਟਿਆਲਾ : ਸ਼ਹਿਰ ਦੀ ਸੰੁਦਰਤਾ, ਸਫਾਈ ਤੇ ਸੀਵਰੇਜ ਲਾਈਨਾਂ ਬੰਦ ਹੋਣ ਦੀ ਸਮੱਸਿਆ ਵੱਡਾ ਰੂਪ ਧਾਰਨ ਕਰ ਚੁੱਕੀ ਸੀ। ਕਰੀਬ 15 ਸਾਲ ਪੁਰਾਣੇ ਸੁਪਨੇ ਨੂੰ ਸਰਕਾਰ ਕਰਦੇ ਹੋਏ ਨਿਗਮ ਨੇ ਸ਼ੁੱਕਰਵਾਰ ਨੂੰ ਡੇਅਰੀ ਸ਼ਿਫਟਿੰਗ ਨੂੰ ਲੈ ਕੇ ਪਹਿਲੇ ਪੜਾਅ ਨੂੰ ਪੂਰਾ ਕਰ ਲਿਆ ਹੈ। ਡੇਅਰੀ ਮਾਲਕਾਂ ਨੇ ਆਪਣੀ ਇੱਛਾ ਅਨੁਸਾਰ ਪਲਾਟ ਦੀ ਕੁੱਲ ਕੀਮਤ ਦਾ ਪੰਜ ਫ਼ੀਸਦੀ ਨਿਗਮ ਦੇ ਕੋਲ ਜਮ੍ਹਾਂ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ 26 ਡੇਅਰੀ ਮਾਲਕਾਂ ਨੇ ਨਿਗਮ ਕੋਲ 12 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਨਿਗਮ ਸਹਿਯੋਗ ਦੇਣ ਲਈ ਸਾਰੇ ਡੇਅਰੀ ਮਾਲਕਾਂ ਦਾ ਧੰਨਵਾਦ ਕੀਤਾ। ਨਵੇਂ ਸਥਾਨ 'ਤੇ ਚੰਗੇ ਕਾਰੋਬਾਰ ਦੀ ਕਾਮਨਾ ਕਰਦਿਆਂ ਡੇਅਰੀ ਮਾਲਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਪਰਨੀਤ ਕੌਰ, ਬੀਬਾ ਜੈਇੰਦਰ ਕੌਰ ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਹੱਕ 'ਚ ਨਾਅਰੇ ਲਾਏ।

---------

ਡੇਅਰੀ ਮਾਲਕਾਂ ਨੂੰ ਦੇਣੀ ਹੋਵੇਗੀ ਛੇਮਾਹੀ ਕਿਸ਼ਤ : ਮੇਅਰ

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਡੇਅਰੀਆਂ ਸ਼ਹਿਰ ਤੋਂ ਬਾਹਰ ਸ਼ਿਫਟ ਹੋਣ ਨਾਲ ਸ਼ਹਿਰ ਦਾ ਇਕ ਨਵਾਂ ਰੂਪ ਦੇਖਿਆ ਜਾ ਸਕੇਗਾ। ਸੀਵਰੇਜ ਤੇ ਨਾਲਿਆਂ ਦੀ ਸਫਾਈ 'ਤੇ ਹਰੇਕ ਸਾਲ ਕਰੋੜਾਂ ਰੁਪਏ ਦੀ ਜੋ ਰਾਸ਼ੀ ਖਰਚ ਕੀਤੀ ਜਾ ਰਹੀ ਸੀ, ਉਸ ਨੂੰ ਹੁਣ ਸ਼ਹਿਰ ਦੇ ਵਿਕਾਸ 'ਤੇ ਖਰਚਿਆ ਜਾ ਸਕੇਗਾ। ਮੇਅਰ ਅਨੁਸਾਰ ਹਰੇਕ ਡੇਅਰੀ ਮਾਲਕ ਨੂੰ 3500 ਰੁਪਏ ਪ੍ਰਤੀ ਗੱਜ ਦੇ ਹਿਸਾਬ ਨਾਲ ਪਲਾਟ ਦਿੱਤਾ ਜਾ ਰਿਹਾ ਹੈ। 150 ਤੋਂ 500 ਗੱਜ ਤਕ ਦੇ ਪਲਾਟ ਦੀ ਖਰੀਦ ਕਰਨ ਵਾਲੇ ਡੇਅਰੀ ਸੰਚਾਲਕ ਨੂੰ ਛੇਮਾਹੀ ਕਿਸ਼ਤ ਬਿਨਾਂ ਕਿਸੇ ਵਿਆਜ ਦੇ ਨਿਗਮ ਨੂੰ ਦੇਣੀ ਹੋਵੇਗੀ। ਜੋ ਕੋਈ ਡੇਅਰੀ ਮਾਲਕ ਤੈਅ ਸਮੇਂ 'ਤੇ ਪਲਾਟ ਦੀ ਕਿਸ਼ਤ ਅਦਾ ਨਹੀਂ ਕਰੇਗਾ, ਉਸ ਨੂੰ ਆਪਣੀ ਬਕਾਇਆ ਰਾਸ਼ੀ ਬੈਂਕ ਵਿਆਜ ਦੇ ਹਿਸਾਬ ਨਾਲ ਦੇਣੀ ਪਵੇਗੀ।

----------

ਸ਼ਹਿਰ 'ਚ ਸਥਾਪਤ ਹਨ 254 ਡੇਅਰੀਆਂ : ਕਮਿਸ਼ਨਰ

ਡੇਅਰੀ ਮਾਲਕਾਂ ਵੱਲੋਂ ਪਲਾਟ ਦੀ ਕੁੱਲ ਕੀਮਤ ਦੀ ਪੰਜ ਫ਼ੀਸਦੀ ਰਕਮ ਨਿਗਮ ਕੋਲ ਜਮ੍ਹਾਂ ਕਰਵਾਉਣ 'ਤੇ ਕਮਿਸ਼ਨਰ ਪੂਨਮਦੀਪ ਕੌਰ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼ਹਿਰ ਵਿਚ ਕੁੱਲ 254 ਡੇਅਰੀਆਂ ਹਨ, ਜ਼ਿਆਦਾਤਰ ਡੇਅਰੀਆਂ ਦਾ ਵੇਸਟ ਇਸ ਸਮੇਂ ਨਾਲੀਆਂ ਰਾਹੀਂ ਸੀਵਰੇਜ ਜਾਂ ਨਾਲੇ ਵਿਚ ਜਾ ਰਿਹਾ ਸੀ, ਜਿਸ ਕਾਰਨ ਸੀਵਰੇਜ ਪ੍ਰਣਾਲੀ ਨੂੰ ਸੰਭਾਲਣ ਅੌਖਾ ਹੋ ਗਿਆ ਸੀ। ਨਵੀਂ ਜਗ੍ਹਾ 'ਤੇ ਡੇਅਰੀ ਮਾਲਕਾਂ ਲਈ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਪਿੰਡ ਅਬਲੋਵਾਲ ਵਿਚ ਡੇਅਰੀ ਪ੍ਰਰਾਜੈਕਟ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਡੇਅਰੀ ਸੰਚਾਲਕਾਂ ਨੂੰ 30 ਸਤੰਬਰ ਤਕ ਪਲਾਟ 'ਤੇ ਇਮਾਰਤ ਉਸਾਰੀ ਦਾ ਸਮਾਂ ਦਿੱਤਾ ਜਾਵੇਗਾ।

-----------

30 ਸਤੰਬਰ 2021 ਤਕ ਬਾਹਰ ਸ਼ਿਫਟ ਹੋ ਜਾਣਗੀਆਂ ਡੇਅਰੀਆਂ : ਸੰਯੁਕਤ ਕਮਿਸ਼ਨਰ

ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਿਗਮ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਕਰਦਿਆਂ 25 ਕਰੋੜ ਦੀ ਜ਼ਮੀਨ ਵਿਚ 134 ਪਲਾਟਾਂ ਲਈ ਸ਼ਹਿਰ ਦੇ ਅੰਦਰਲੇ ਇਲਾਕੇ ਵਿਚ ਸਥਿਤ 84 ਡੇਅਰੀ ਮਾਲਕਾਂ ਦੀ ਚੋਣ ਕੀਤੀ। ਸ਼ੁੱਕਰਵਾਰ ਨੂੰ ਡੇਅਰੀ ਮਾਲਕਾਂ ਨੇ ਨਿਗਮ ਕੋਲ ਪਲਾਟ ਦੀ ਕੁੱਲ ਕੀਮਤ ਦੀ 5 ਫ਼ੀਸਦੀ ਰਾਸ਼ੀ ਜਮ੍ਹਾਂ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਡੇਅਰੀ ਮਾਲਕਾਂ ਨੂੰ ਪਲਾਟ ਦੀ ਅਲਾਟਮੈਂਟ ਦੇ ਕੇ ਕਬਜ਼ਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਡੇਅਰੀ ਪ੍ਰਰਾਜੈਕਟ ਨੂੰ ਸਫਲਤਾਪੂਰਵਕ ਪੂਰਾ ਕਰਵਾਉਣ ਲਈ ਲੈਂਡ ਸ਼ਾਖਾ ਦੇ ਸੁਪਰਡੈਂਟ ਸੁਰਜੀਤ ਸਿੰਘ ਚੀਮਾ ਤੇ ਉਨ੍ਹਾਂ ਦੀ ਟੀਮ ਦੀ ਨਿਗਮ ਅਧਿਕਾਰੀਆਂ ਨੇ ਸ਼ਲਾਘਾ ਕੀਤੀ।