ਸਟਾਫ ਰਿਪੋਰਟਰ, ਪਟਿਆਲਾ : ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ 'ਮੇਰਾ ਕੂੜਾ ਮੇਰਾ ਜਿੰਮੇਵਾਰੀ' ਅਭਿਆਨ ਤਹਿਤ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਨਗਰ ਨਿਗਮ ਵਲੋਂ ਅਜਿਹਾ ਨਾ ਕਰਨ ਵਾਲਿਆਂ 'ਤੇ ਸਖਤੀ ਦਿਖਾਉਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਨਿਗਮ ਦੀ ਟੀਮ ਵਲੋਂ ਅੱਜ ਸਾਈਂ ਮਾਰਕਿਟ ਵਿਚ ਜਾਂਚ ਕੀਤੀ ਗਈ। ਇਸ ਦੌਰਾਨ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਨਾ ਕਰਨ ਵਾਲੇ 26 ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਹਨ। ਨਿਗਮ ਵਲੋਂ ਪਹਿਲੇ ਗੇੜ ਵਿਚ ਵਪਾਰਕ ਇਕਾਈਆਂ ਦੀ ਜਾਂਚ ਸ਼ੁਰੂ ਕੀਤੀ ਗਈ, ਇਸਤੋਂ ਬਾਅਦ ਘਰੇਲੂ ਇਕਾਈਆਂ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਕੂੜੇ ਨੂੰ ਵੱਖ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਸ਼ੁਕਰਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਕਮਿਸ਼ਨਰ ਪੂਨਮਦੀਪ ਦੇ ਨਿਰਦੇਸ਼ਾਂ ਤੇ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼ ਦੀ ਅਗਵਾਈ ਵਿਚ ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਇੰਸਪੈਕਟਰ ਇੰਦਰਜੀਤ ਸਿੰਘ, ਰਜੇਸ਼ ਮੱਟੂ ਤੇ ਜਗਤਾਰ ਸਿੰਘ ਦੀ ਟੀਮ ਵਲੋਂ ਸਾਈਂ ਮਾਰਕਿਟ ਵਿਖੇ ਜਾਂਚ ਸ਼ੁਰੂ ਕੀਤੀ ਗਈ। ਬਜਾਰ ਵਿਚ ਮੋਜੂਦ 26 ਦੁਕਾਨਾਂ 'ਤੇ ਗਿੱਲੇ ਤੇ ਸੁੱਕੇ ਕੂੜੇ ਨੂੰੂ ਇਕੋ ਜਗ੍ਹਾ ਹੀ ਰੱਖਿਆ ਜਾ ਰਿਹਾ ਸੀ ਜਿਸ 'ਤੇ ਕਾਰਵਾਈ ਕਰਦਿਆਂ ਇਨਾਂ ਦੇ ਚਲਾਨ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਘਰੇਲੂ ਤੇ ਵਪਾਰਕ ਇਕਾਈਆਂ ਤੋਂ ਰੋਜਾਨਾ 140 ਟਨ ਕੂੜਾ ਨਿਕਲਦਾ ਹੈ। ਇਸ ਕੂੜੇ ਹੁਣ ਤੱਕ ਸਨੌਰ ਰੋਡ ਸਥਿਤ ਡੰਪਿੰਗ ਗਰਾਉਂਡ ਵਿਚ ਹੀ ਸੁੱਟਿਆ ਜਾ ਰਿਹਾ ਸੀ। ਕੂੜੇ ਦੇ ਨਿਪਟਾਰੇ ਲਈ 6 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਪ੍ਰਰਾਜੈਕਟ ਤਿਆਰ ਕੀਤਾ ਗਿਆ ਹੈ ਜਿਸ ਵਿਚ ਕੂੜੇ ਨੂੰ ਵੱਖ ਵੱਖ ਤੌਰ 'ਤੇ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਦੂਸ਼ਣ ਫੈਲਣ ਤੋਂ ਰੋਕਿਆ ਜਾ ਸਕੇ। ਪੂਰੀ ਤਰ੍ਹਾਂ ਨਿਪਟਾਰੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨਾ ਲਾਜ਼ਮੀ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਲੋਕ ਆਪਣੇ ਘਰਾਂ ਜਾਂ ਦੁਕਾਨਾਂ 'ਤੇ ਹੀ ਦੋ ਵੱਖ ਵੱਖ ਡਸਟਬਿਨ ਲਗਾਉਣਗੇ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਉਨਾਂ ਵਲੋਂ ਖੁਦ ਘਰ ਘਰ ਜਾ ਕੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਮੇਰਾ ਕੂੜਾ ਮੇਰੀ ਜਿੰਮੇਵਾਰੀ ਅਭਿਆਨ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੂੜਾ ਮੁਕਤ, ਸਵੱਛ ਤੇ ਸੁੰਦਰ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਸਵੱਛਤਾ ਮੁਹਿੰਮ ਤਹਿਤ ਵੀ ਕੂੜੇ ਦਾ ਸਹੀ ਨਿਪਟਾਰਾ ਕਰਨਾ ਜਰੂਰੀ ਹੈ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਡੰਪਿੰਗ ਗਰਾਉਂਡ 'ਤੇ ਵਿਸ਼ੇਸ ਪ੍ਰਰਾਜੈਕਟ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਮੇਅਰ ਨੇ ਕਿਹਾ ਕਿ ਲੋਕ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਕੂੜੇ ਨੂੰ ਵੱਖ ਵੱਖ ਦੋ ਡਸਟਬਿਨ ਵਿਚ ਰੱਖਣ ਤਾਂ ਜੋ ਡੰਪਿੰਗ ਗਰਾਉਂਡ 'ਤੇ ਕੂੜੇ ਦਾ ਸਹੀ ਨਿਪਟਾਰਾ ਕੀਤਾ ਜਾ ਸਕੇ।