ਐੱਚਐੱਸ ਸੈਣੀ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਜਿੱਥੇ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਘਰ 'ਚ ਹੀ ਸਾਰੀਆਂ ਸਹੂਲਤਾਂ ਉਪਲਬਧ ਹੋਣ 'ਤੇ ਹੋਮ ਆਈਸੋਲੇਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਨਰਿੰਦਰ ਸ਼ਾਸਤਰੀ ਹੁਣ ਆਪਣੀਆਂ ਸੇਵਾਵਾਂ ਨਗਰ ਕੌਂਸਲ ਦਫ਼ਤਰ ' ਚ ਬੈਠ ਕੇ ਦੇ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਰਾਜਪੁਰਾ ਸ਼ਹਿਰ ਦੇ ਲੋਕਾਂ ਦਾ ਕੰਮ ਕਰਵਾਉਣ ਲਈ ਤਾਂਤਾ ਲੱਗਿਆ ਰਹਿੰਦਾ ਸੀ ਜਿਸ ਕਰਕੇ ਨਗਰ ਕੌਂਸਲ ਦਫ਼ਤਰ 'ਚ ਹੜਕੰਪ ਮਚਿਆ ਹੋਇਆ ਹੈ। ਦਫ਼ਤਰ ਦੇ ਵਿਭਾਗੀ ਸੂਤਰਾਂ ਮੁਤਾਬਕ ਨਗਰ ਕੌਂਸਲ ਪ੍ਰਧਾਨ ਦਾ ਦਫ਼ਤਰ ਸੀਲ ਕਰਵਾ ਦਿੱਤਾ ਹੈ ਤੇ ਨਾਲ ਹੀ ਸਾਰੇ ਕੌਂਸਲ ਦਫ਼ਤਰ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਫ਼ਤਰ ਦੇ 50 ਦੇ ਕਰੀਬ ਸਟਾਫ ਦਾ ਸਿਵਲ ਹਸਪਤਾਲ ਰਾਜਪੁਰਾ ਦੇ ਫ਼ਲੂ ਕਾਰਨਰ ਤੇ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਵੱਲੋਂ ਵੀ ਬੀਤੇ ਦਿਨੀਂ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

Posted By: Seema Anand