ਗੁਰਿੰਦਰਜੀਤ ਸਿੰਘ ਸੋਢੀ, ਨਾਭਾ : ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਲਈ ਵੋਟਾਂ 19 ਮਈ ਨੂੰ ਪੈਣੀਆਂ ਹਨ ਪਰ ਇਸ ਤੋਂ ਪਹਿਲਾਂ ਰਿਆਸਤੀ ਸ਼ਹਿਰ ਨਾਭਾ ਦੇ ਕਈ ਮੁਹੱਲਿਆਂ ਵਿਚ ਵਿਕਾਸ ਕਾਰਜ ਨਾ ਹੋਣ ਕਾਰਨ ਨਰਾਜ਼ ਹੋਏ ਵੋਟਰਾਂ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਸਿਲਸਲਾ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਨਾਭਾ ਦੀ ਟੀਖਰ ਕਾਲੋਨੀ ਹੀਰਾ ਮਹਿਲ ਦੇ ਵੋਟਰਾਂ ਨੇ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਸੀ ਜੋ ਕਿ ਅਜੇ ਤਕ ਜਾਰੀ ਹੈ ਪਰ ਹੁਣ ਵਿਕਾਸ ਕਾਲੋਨੀ ਥੂਹੀ ਰੋਡ ਦੇ ਵਾਸੀਆਂ ਨੇ ਪਿਛਲੇ 20 ਸਾਲਾਂ ਤੋਂ ਕੋਈ ਵਿਕਾਸ ਕਾਰਜ ਨਾ ਹੋਣ ਕਾਰਨ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਜਿਸ ਕਾਰਨ ਸਿਆਸੀ ਪਾਰਟੀਆਂ ਦੀ ਚਿੰਤਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਵਿਕਾਸ ਕਾਲੋਨੀ ਦੇ ਵਸਨੀਕਾਂ ਭੂਸ਼ਨ ਕੁਮਾਰ, ਪਿਆਰਾ ਲਾਲ, ਪ੍ਰੇਮ ਕੁਮਾਰ, ਦਲਜੀਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਕਾਲੋਨੀ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਉਮੀਦਵਾਰ ਨੇ ਕੋਈ ਵੀ ਵਿਕਾਸ ਕਾਰਜ ਨਾ ਕਰਵਾਇਆ ਤਾਂ ਉਹ ਕਿਸੇ ਵੀ ਉਮੀਦਵਾਰ ਨੂੰ ਆਪਣੇ ਮੁਹੱਲੇ 'ਚ ਵੜ੍ਹਨ ਨਹੀਂ ਦੇਣਗੇ। ਇਸ ਸਬੰਧੀ ਕਾਲੋਨੀ ਵਾਸੀਆਂ ਨੇ ਬੈਨਰ ਵੀ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਤੇ ਕੌਂਸਲਰਾਂ ਨੇ ਸਿਰਫ਼ ਆਪਣੇ ਘਰਾਂ ਦਾ ਹੀ ਵਿਕਾਸ ਕੀਤਾ ਹੈ ਜਦਕਿ ਆਮ ਆਦਮੀ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੈ। ਨਾਭਾ ਸ਼ਹਿਰ ਵਿਚ ਸਿਆਸੀ ਪਾਰਟੀਆਂ ਦੇ ਹੋ ਰਹੇ ਬਾਈਕਾਟ ਕਾਰਨ ਹਰ ਸਿਆਸੀ ਪਾਰਟੀ ਦਾ ਉਮੀਦਵਾਰ ਦੁਚਿੱਤੀ ਵਿਚ ਹੈ ਕਿ ਵੋਟਾਂ ਕਿਸ ਤਰ੍ਹਾਂ ਮੰਗਣ ਜਾਵੇ। ਆਉਣ ਵਾਲੇ ਦਿਨਾਂ ਵਿਚ ਦੇਖੋ ਊਠ ਕਿਸ ਕਰਵਟ ਬੈਠਦਾ ਹੈ।

Posted By: Seema Anand