ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪਟਿਆਲਾ-ਭਾਦਸੋਂ ਰੋਡ ਸਥਿਤ ਅਜਮੇਰ ਹਸਪਤਾਲ ਨੇੜੇ ਪੈਂਦੇ ਸ਼ਰਾਬ ਦੇ ਠੇਕੇ 'ਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਕਰਿੰਦੇ ਦਾ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਕਰਿੰਦਾ ਵਿਕਾਸ ਕੁਮਾਰ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਹਾਲ ਕਿਰਾਏਦਾਰ ਭਾਦਸੋਂ ਰੋਡ ਮੌਕੇ 'ਤੇ ਲਹੂ ਲੁਹਾਨ ਹੋ ਕੇ ਡਿੱਗ ਪਿਆ। ਨੇੜਲੇ ਦੁਕਾਨਦਾਰਾਂ ਨੇ ਘਟਨਾ ਸਬੰਧੀ ਠੇਕੇ ਦੇ ਮਾਲਕ ਤੇ ਥਾਣਾ ਤਿ੍ਪੜੀ ਪੁਲਿਸ ਨੂੰ ਸੂਚਨਾ ਦਿੱਤੀ। ਉਪਰੰਤ ਮੌਕੇ 'ਤੇ ਪੁੱਜੇ ਠੇਕਾ ਮਾਲਕ ਨੇ ਕਰਿੰਦੇ ਨੂੰ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਠੇਕੇਦਾਰ ਸੌਰਭ ਸੂਦ ਨੇ ਦਸਿਆ ਕਿ ਉਨ੍ਹਾਂ ਦਾ ਭਾਦਸੋਂ ਰੋਡ 'ਤੇ ਠੇਕਾ ਹੈ। ਵਿਕਾਸ ਕੁਮਾਰ ਉਨ੍ਹਾਂ ਕੋਲ ਪਿਛਲੇ 4 ਸਾਲਾਂ ਤੋਂ ਕੰਮ ਕਰਦਾ ਸੀ। ਵੀਰਵਾਰ ਦੀ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਠੇਕੇ 'ਤੇ ਇਕੱਲਾ ਸੀ ਤਾਂ ਉਸ ਸਮੇਂ 20-22 ਸਾਲਾ ਦਾ ਇਕ ਨੌਜਵਾਨ ਪੈਦਲ ਠੇਕੇ 'ਤੇ ਆਇਆ। ਉਸ ਨੇ ਕਰਿੰਦੇ ਦੇ ਪਹਿਲਾਂ ਸਿਰ 'ਤੇ ਚਾਕੂ ਨਾਲ ਹਮਲਾ ਕੀਤਾ ਤੇ ਉਸ ਤੋਂ ਬਾਅਦ ਿਢੱਡ ਵਿਚ ਦੋ ਵਾਰ ਚਾਕੂ ਨਾਲ ਵਾਰ ਕੀਤੇ। ਕਰਿੰਦਾ ਉਥੇ ਹੀ ਜ਼ਖ਼ਮੀ ਹੋ ਕੇ ਡਿੱਗ ਪਿਆ ਤੇ ਹਮਲਾਵਰ ਉਥੋਂ ਦੌੜ ਗਿਆ। ਨੇੜਲੇ ਦੁਕਾਨਦਾਰਾਂ ਵੱਲੋਂ ਸੂਚਨਾ ਦੇਣ 'ਤੇ ਉਹ ਤੁਰੰਤ ਠੇਕੇ 'ਤੇ ਆ ਗਏ ਤੇ ਕਰਿੰਦੇ ਨੂੰ ਹਸਪਤਾਲ ਵਿਖੇ ਪਹੁੰਚਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰ ਇਕੱਲਾ ਹੀ ਸੀ, ਜੋ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਾ ਹੈ ਤੇ ਉਹ ਘਟਨਾ ਅੰਜਾਮ ਦੇਣ ਤੋਂ ਬਾਅਦ ਉਥੋਂ ਪੈਦਲ ਹੀ ਭੱਜ ਗਿਆ ਸੀ। ਉਨਾਂ੍ਹ ਕਿਹਾ ਕਿ ਡੇਢ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਪਤਨੀ ਉਸ ਦੇ ਮਾਪਿਆਂ ਕੋਲ ਰਹਿੰਦੀ ਹੈ ਤੇ ਉਹ ਕੰਮ ਕਰਨ ਲਈ ਪਟਿਆਲਾ ਆ ਗਿਆ ਸੀ।

ਥਾਣਾ ਤਿ੍ਪੜੀ ਦੇ ਇੰਚਾਰਜ ਕਰਨਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।