ਸਟਾਫ ਰਿਪੋਰਟਰ, ਪਟਿਆਲਾ : 25 ਦਸੰਬਰ ਨੂੰ ਹੋਏ ਝਗੜੇ ਦੀ ਰੰਜ਼ਿਸ਼ ਤਹਿਤ ਸੱਤ ਨੌਜਵਾਨਾਂ ਨੇ ਇੱਕ ਲੜਕੇ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਪੁਲਿਸ ਨੇ ਛੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਸੱਤਵਾਂ ਸਾਥੀ ਫਰਾਰ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 25 ਦਸੰਬਰ ਕ੍ਰਿਸਮਸ ਵਾਲੀ ਰਾਤ ਰੇਲਵੇ ਕਾਲੋਨੀ ਵਾਸੀ ਕਰਨ ਉਰਫ਼ ਬੱਬੂ ਦੀ ਕੁਝ ਮੁੰਡਿਆਂ ਨਾਲ ਲੜਾਈ ਹੋਈ ਸੀ। ਇਸੇ ਰੰਜ਼ਿਸ਼ ਦੇ ਚੱਲਦਿਆਂ 30 ਦਸੰਬਰ ਨੂੰ ਦੂਜੀ ਧਿਰ ਦੇ ਮੁੰਡਿਆਂ ਨੇ ਕਰਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

30 ਦਸੰਬਰ ਦੀ ਦੁਪਹਿਰ ਕਰਨ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਘਰ ਤੋਂ ਬਾਹਰ ਵੱਲ ਗਿਆ ਸੀ ਪਰ ਦੇਰ ਸ਼ਾਮ ਤਕ ਘਰ ਨਹੀਂ ਪਰਤਿਆ। ਰਾਤ ਨੂੰ ਕਰਨ ਦੀ ਲਾਸ਼ ਸੰਜੇ ਕਾਲੋਨੀ ਨੇੜੇ ਮੰਦਰ ਦੇ ਬਾਹਰ ਪਈ ਮਿਲੀ ਸੀ। ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਵੱਲੋਂ ਮਾਮਲਾ ਦਰਜ ਕਰ ਕੇ ਇਸ ਦੀ ਤਫਤੀਸ਼ ਕੀਤੀ ਗਈ। ਤਫ਼ਤੀਸ਼ ਦੌਰਾਨ ਕੜੀਆਂ ਨੂੰ ਜੋੜਦੇ ਹੋਏ ਪੁਲਿਸ ਨੇ ਕਾਤਲਾਂ ਦੀ ਪੈੜ ਨੱਪ ਲਈ। ਇਸ ਮਾਮਲੇ ਵਿੱਚ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਿਰਚਾਂ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਹਨ ਜੋ ਕਿ ਵਾਰਦਾਤ ਦੌਰਾਨ ਵਰਤੇ ਗਏ ਸੀ।

ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਸ਼ੰਕਰ, ਅਕਸ਼ੇ ਚੰਚਲ, ਅਮਿਤ ਵਾਸੀ ਘਲੋੜੀ ਗੇਟ ਲੱਖਣ ਵਾਸੀ ਪਾਠਕ ਕਾਲੋਨੀ ਪਟਿਆਲਾ,ਅਤੇ ਅਤੁੱਲ ਵਾਸੀ ਛੋਟੀ ਰਾਈ ਮਾਜਰਾ ਪਟਿਆਲਾ ਵੱਜੋਂ ਹੋਈ ਹੈ ਇਨ੍ਹਾਂ ਦੇ ਇੱਕ ਸਾਥੀ ਜਬਰ ਵਾਸੀ ਸ਼ੀਸ਼ ਮਹਿਲ ਕਾਲੋਨੀ ਪਟਿਆਲਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।

Posted By: Amita Verma