ਨਵਦੀਪ ਢੀਂਗਰਾ, ਪਟਿਆਲਾ

ਕੈਬਨਿਟ ਮੰਤਰੀ ਬ੍ਹਮ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਨੂੰ ਸਿਆਸੀ ਜ਼ਮੀਨ ਮਿਲ ਗਈ ਹੈ। ਮੋਹਿਤ ਮਹਿੰਦਰਾ ਵਲੋਂ ਆਪਣੇ ਪਿਤਾ ਦੇ ਹਲਕੇ ਵਿਚ ਕਮਾਨ ਸੰਭਾਲਣ ਦੇ ਨਾਲ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਸੂਬਾ ਜਨਰਲ ਸਕੱਤਰ ਦਾ ਅਹੁਦਾ ਹਾਸਲ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਉਹ ਪੇਸ਼ੇ ਤੋਂ ਵਕੀਲ ਹਨ ਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਪ੍ਰਰੈਕਟਿਸ ਵੀ ਕਰਦੇ ਰਹੇ। ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸਿਆਸੀ ਮੈਦਾਨ ਵਿਚ ਉੱਤਰੇ। 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਣ ਵਾਲੇ ਬ੍ਹਮ ਮੋਹਿੰਦਰਾ ਨੂੰ ਜਿੱਤ ਦਵਾਉਣ ਲਈ ਮੋਹਿਤ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ 2019 ਮੋਹਿਤ ਮਹਿੰਦਰਾ ਨੇ ਐਮਪੀ ਚੋਣਾਂ ਦੋਰਾਨ ਬਠਿੰਡਾ ਤੋਂ ਚੋਣ ਲੜਣ ਲਈ ਪਾਰਟੀ ਦਫਤਰ ਵਿਚ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਮੋਹਿਤ ਨੇਂ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਾ ਸ਼ੁਰੂ ਕੀਤਾ ਤੇ ਕਾਂਗਰਸੀ ਵਰਕਰਾਂ ਨਾਲ ਰਾਬਤਾ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ।

ਸੰਜੀਵ ਸ਼ਰਮਾ ਬਣੇ ਜ਼ਿਲ੍ਹਾ ਪ੍ਰਧਾਨ

ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪਟਿਆਲਾ ਦੇ ਸੰਜੀਵ ਸ਼ਰਮਾ ਉਰਫ ਕਾਲੂ ਨੇ ਜਿੱਤ ਹਾਸਲ ਕੀਤੀ ਹੈ। ਕਾਲੂ ਦੇ ਹੱਕ ਵਿਚ 4 ਹਜ਼ਾਰ 35 ਵੋਟਾਂ ਭੁਗਤੀਆਂ ਹਨ ਜਦੋਂਕਿ ਅਨੁਜ ਖੋਸਲਾ ਨੇ 600 ਵੋਟਾਂ ਨਾਲ ਪਟਿਆਲਾ ਸ਼ਹਿਰੀ ਪ੍ਰਧਾਨ ਬਣੇ ਹਨ। ਹਿਮਾਂਸ਼ੂ ਜੋਸ਼ੀ 3400 ਵੋਟਾਂ ਨਾਲ ਦਿਹਾਤੀ ਪ੍ਰਧਾਨ ਬਣੇ ਹਨ।

ਮੋਹਿੰਦਰਾ ਦੇ ਹਲਕੇ 'ਚ ਪਈਆਂ ਸਭ ਤੋਂ ਵੱਧ ਵੋਟਾਂ

ਜਿਲ੍ਹੇ ਦੇ 8 ਹਲਕਿਆਂ ਵਿਚੋਂ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਦੇ ਪਟਿਆਲਾ ਦਿਹਾਤੀ ਹਲਕੇ ਵਿਚ ਸਭ ਤੋਂ ਵੱਧ 3400 ਵੋਟਾਂ ਭੁਗਤੀਆਂ ਹਨ ਜੋ ਪੂਜੇ ਜ਼ਿਲ੍ਹੇ ਵਿਚ ਭੁਗਤੀਆਂ ਵੋਟਾਂ ਦਾ ਅੱਧ ਹੈ। ਇਸ ਹਲਕੇ ਵਿਚ ਵੱਧ ਵੋਟਿੰਗ ਹੋਣ ਦਾ ਕਾਰਨ ਕੈਬਨਿਟ ਮੰਤਰੀ ਦੇ ਆਪਣੇ ਲੜਕੇ ਮੋਹਿਤ ਮੋਹਿੰਦਰਾ ਦੇ ਸੂਬਾ ਜਨਰਲ ਸਕੱਤਰ ਵਜੋਂ ਮੈਦਾਨ ਵਿਚ ਹੋਣਾ ਵੀ ਮੰਨਿਆ ਜਾ ਰਿਹਾ ਹੈ। ਮੋਹਿੰਦ ਮੋਹਿੰਦਰਾ ਆਪਣੇ ਪਿਤਾ ਹਲਕੇ ਵਿਚ ਲੰਮੇ ਸਮੇਂ ਤੋਂ ਸਰਗਰਮ ਰਹੇ ਹਨ।

'ਕਾਂਗਰਸ' ਦੀਆਂ ਚੋਣਾਂ ਤੋਂ 'ਯੂਥ' ਦਾ ਮੋਹ ਹੋਇਆ ਭੰਗ

ਯੂਥ ਕਾਂਗਰਸ ਦੀਆਂ ਚੋਣਾ ਤੋਂ ਨੌਜਵਾਨਾਂ ਦਾ ਮੋਹ ਵੀ ਭੰਗ ਹੋਣ ਲੱਗਿਆ ਹੈ। ਜਿਸਦੀ ਤਾਜ਼ਾ ਉਦਾਹਰਣ ਯੂਥ ਕਾਂਗਰਸ ਦੇ ਅਹੁਦੇਦਾਰਾਂ ਲਈ ਹੋਈ ਚੋਣ ਤੋਂ ਮਿਲਦੀ ਹੈ। ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ 36 ਹਜ਼ਾਰ ਤੋਂ ਵੱਧ ਕਾਂਗਰਸ ਦੇ ਨੌਜਵਾਨ ਵੋਟਰ ਤਾਂ ਹਨ ਪਰ ਵੱਡੀ ਗਿਣਤੀ ਨੌਜਵਾਨਾਂ ਇਨ੍ਹਾਂ ਵੋਟਾਂ ਤੋਂ ਦੂਰੀ ਬਣਾਈ ਰੱਖੀ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿਚ ਪੈਂਦੇ 8 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੇ 36 ਹਜ਼ਾਰ 64 ਨੌਜਵਾਨ ਮੈਂਬਰ ਹਨ। ਜਿਨ੍ਹਾਂ ਵਿੱਚੋਂ ਸਿਰਫ 6 ਹਜ਼ਾਰ 831 ਨੌਜਵਾਨ ਵੋਟ ਪਾਉਣ ਲਈ ਬੂਥਾਂ ਤੱਕ ਪੁੱਜੇ ਹਨ। ਅੰਕੜਿਆਂ ਅਨੁਸਾਰ ਪਟਿਆਲਾ ਦਿਹਾਤੀ ਹਲਕੇ ਵਿਚ ਯੂਥ ਕਾਂਗਰਸ ਦੇ ਕੁਲ 13 ਹਜ਼ਾਰ 800 ਮੈਂਬਰ ਹਨ ਜਿਨ੍ਹਾਂ ਵਿੱਚੋਂ 3400 ਨੇ ਵੋਟਾਂ ਪਾਈਆਂ ਹਨ। ਪਟਿਆਲਾ ਸ਼ਹਿਰੀ ਹਲਕੇ ਤੋਂ ਯੂਥ ਕਾਂਗਰਸ ਦੇ 7 ਹਜ਼ਾਰ 696 ਮੈਂਬਰ ਹਨ ਤੇ ਵੋਟਾਂ 629 ਭੁਗਤੀਆਂ, ਰਾਜਪੁਰਾ 'ਚ ਮੈਂਬਰ 2500 ਤੇ ਵੋਟਾਂ 500, ਹਲਕਾ ਘਨੌਰ ਵਿਚ ਮੈਂਬਰ 350 ਤੇ ਵੋਟਾਂ 300, ਸਨੌਰ 'ਚ ਮੈਂਬਰ 2900 ਤੇ ਵੋਟਾਂ 254, ਨਾਭਾ 'ਚ ਮੈਂਬਰ 3940 ਤੇ ਵੋਟਾਂ ਭੁਗਤੀਆਂ 1050, ਸਮਾਣਾ 'ਚ ਮੈਂਬਰ 4027 ਤੇ ਵੋਟਾਂ 427 ਅਤੇ ਸ਼ੁਤਰਾਣਾ ਵਿਚ ਯੂਥ ਮੈਂਬਰ 851 ਤੇ ਸਿਰਫ 271 ਵੋਟਾਂ ਭੁਗਤੀਆਂ ਹਨ।

ਮੁੱਖ ਮੰਤਰੀ ਦੇ ਹਲਕੇ 'ਚ ਵੀ ਨਹੀਂ ਉਤਸ਼ਾਹ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਪਟਿਆਲਾ ਸ਼ਹਿਰੀ ਹਲਕੇ ਵਿਚ ਯੂਥ ਵੋਟਰਾਂ ਦੀ ਗਿਣਤੀ ਕਾਫੀ ਘੱਟ ਰਹੀ ਹੈ। ਸ਼ਹਿਰੀ ਹਲਕੇ ਵਿਚ ਯੂਥ ਮੈਂਬਰਾਂ ਦੀ ਗਿਣਤੀ 7696 ਹੈ ਪੰ੍ਤੂ ਵੋਟ ਪਾਉਣ ਲਈ ਸਿਰਫ 629 ਨੌਜਵਾਨ ਹੀ ਪੁੱਜੇ। ਦਿਲਚਸਪ ਹੈ ਕਿ ਇਸੇ ਹਲਕੇ ਤੋਂ ਕਾਂਗਰਸੀ ਕੌਂਸਲਰ ਸੰਦੀਪ ਮਲਹੋਤਰਾ ਵਲੋਂ ਕੈਬਨਿਟ ਮੰਤਰੀ ਬ੍ਹਮ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਦੇ ਸਾਹਮਣੇ ਖੜ੍ਹੇ ਹਨ।