ਨਾਭਾ, ਜਗਨਾਰ ਸਿੰਘ ਦੁਲੱਦੀ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਾਲ 2021-22 ਦੇ ਸੀਜ਼ਨ ਦੌਰਾਨ ਹਾੜੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਕਣਕ ਦੇ ਭਾਅ ਵਿੱਚ 40 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਅਤੇ ਨਿਗੂਣਾ ਜਿਹਾ ਵਾਧਾ ਕੀਤਾ ਹੈ ਜਿਸ ਨੂੰ ਅਟਕਲਪੱਚੂ ਭਾਅ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਨਾਂ ਤਾਂ ਇਹ ਡਾਕਟਰ ਸੁਆਮੀਨਾਥਨ ਕਮਿਸ਼ਨ ਦੁਆਰਾ ਸੁਝਾਏ ਫਾਰਮੂਲੇ c2+fl ਦੇ ਅਨੁਸਾਰ ਹੈ ਤੇ ਨਾ ਹੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਤੀ ਮਾਹਰਾਂ ਵਲੋਂ ਫਸਲਾਂ ਦੇ ਲਾਗਤ ਖ਼ਰਚੇ ਕੱਢਕੇ ਖੇਤੀਬਾੜੀ ਮਨਿਸਟਰੀ ਨੂੰ ਭੇਜੀ ਰਿਪੋਰਟ ਅਨੁਸਾਰ ਅਤੇ ਨਾ ਹੀ ਵਿਗਿਆਨਿਕ ਪੱਖੋਂ ਮਹਿੰਗਾਈ ਦਰ ਵਿੱਚ ਨਿੱਤ ਦਿਨ ਦੇ ਹੋ ਰਹੇ ਵਾਧੇ ਦੇ ਅਨਕੂਲ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਪੂਰਨ ਰੂਪ ਵਿੱਚ ਰੱਦ ਕਰਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਿਸਾਨਾਂ ਨਾਲ ਹਮੇਸ਼ਾ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕਰਦਾ ਹੈ। ਕਿਸਾਨ ਆਗੂ ਅਗੌਲ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਵਤੀਰੇ ਵਾਰੇ ਅਫ਼ਸੋਸ ਪ੍ਰਗਟ ਕਰਦਿਆਂ ਤੱਥਾਂ 'ਤੇ ਆਧਾਰਤ ਤਰਕ ਨਾਲ ਸਪੱਸ਼ਟ ਕਿਹਾ ਕਿ ਮੋਦੀ ਸਰਕਾਰ ਦੀ ਉਕਤ ਘੋਸ਼ਣਾ ਹੁਣ ਤੋਂ 7 ਮਹੀਨੇ ਬਾਅਦ ਅਪ੍ਰੈਲ ਮਹੀਨੇ ਮੰਡੀਆਂ ਵਿੱਚ ਵਿਕਣ ਵਾਸਤੇ ਆਉਣ ਵਾਲੀ ਕਣਕ ਦੀ ਫ਼ਸਲ ਦੇ ਲਈ ਕੀਤੀ ਗਈ ਹੈ ਜਦਕਿ 40 ਰੁਪਏ ਪ੍ਰਤੀ ਕੁਇੰਟਲ ਦਾ ਇਹ ਵਾਧਾ ਹੁਣ ਤੋਂ ਓਦੋਂ ਤੱਕ ਹੋਣ ਵਾਲੇ ਮਹਿੰਗਾਈ ਦਰ ਦੇ ਵਾਧੇ ਦੀ ਵੀ ਭਰਪਾਈ ਨਹੀਂ ਕਰ ਪਾਏਗਾ। ਉਨ੍ਹਾਂ ਕਿਹਾ ਕਿ ਕਣਕ ਦੇ ਭਾਅ ਵਿੱਚ ਵਾਧਾ ਸਿਰਫ਼ 2% ਅਤੇ ਡੀਜ਼ਲ ਦੇ ਭਾਅ ਵਿਚ ਇੱਕ ਸਾਲ ਵਿੱਚ 28% ਦਾ ਵਾਧਾ ਹੋਇਆ ਹੈ। ਉਨ੍ਹਾਂ ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁੱਲ ਆਯੋਗ ਵਲੋਂ ਕਣਕ ਦੀ ਲਾਗਤ ਸਿਰਫ਼ 1008 ਰੁਪਏ ਪ੍ਰਤੀ ਕੁਇੰਟਲ ਦਰਸਾਉਣ ਅਤੇ ਭਾਅ 2015 ਪ੍ਰਤੀ ਕੁਇੰਟਲ ਲਾਗਤ ਉਤੇ 50% ਮੁਨਾਫ਼ਾ ਦਿੱਤੇ ਜਾਣ ਵਾਲੇ ਕਥਨ ਨੂੰ ਨਕਾਰਦਿਆਂ ਦੋਸ਼ ਲਗਾਇਆ ਕਿ ਇਹ ਕਮਿਸ਼ਨ ਕਿਸਾਨਾਂ ਦਾ ਨਾ ਹੋ ਕੇ ਮੋਦੀ ਸਰਕਾਰ ਦੀ ਕਠਪੁਤਲੀ ਵਜੋਂ ਕੰਮ ਕਰ ਰਿਹਾ ਹੈ ਜੋ ਮੰਦਭਾਗਾ ਹੈ।

Posted By: Ramandeep Kaur