ਨਵਦੀਪ ਢੀਂਗਰਾ, ਪਟਿਆਲਾ : ਬੀਤੇ ਦਿਨਾਂ ਵਿਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਕੀਤੀ ਗਈ ਜਾਂਚ ਦੌਰਾਨ ਮੋਬਾਈਲ ਮਿਲਣ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਨਾਭਾ ਜੇਲ੍ਹ ਬਰੇਕ ਕਾਂਡ ਸਬੰਧੀ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਰਵਿੰਦਰ ਸਿੰਘ ਖਰਲ ਨਾਮੀ ਗੈਂਗਸਟਰ ਦੇ ਕਬਜ਼ੇ ਵਿਚੋਂ ਮੋਬਾਈਲ ਬਰਾਮਦ ਕੀਤਾ ਗਿਆ ਹੈ।

ਜੇਲ੍ਹ ਪ੍ਰਸ਼ਾਸਨ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਲਜਾਰ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਮੁਲਾਜ਼ਮਾਂ ਨੇ ਜੇਲ੍ਹ ਵਿਚਲੀ ਚੱਕੀ ਨੰਬਰ ਪੰਜ ਦੀ ਤਲਾਸ਼ੀ ਲਈ ਤਾਂ ਗੈਂਗਸਟਰ ਰਵਿੰਦਰ ਸਿੰਘ ਖਰਲ ਦੇ ਕਬਜ਼ੇ ਵਿਚੋਂ ਮੋਬਾਈਲ ਫੋਨ ਬਰਾਮਦ ਹੋਇਆ। ਜੇਲ੍ਹ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਇਸ ਸਬੰਧੀ ਥਾਣਾ ਤਿ੍ਪੜੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਇਕ ਹੋਰ ਮਾਮਲੇ 'ਚ ਸਹਾਇਕ ਸੁਪਰਡੈਂਟ ਝਿਰਮਲ ਸਿੰਘ ਤੇ ਸਟਾਫ ਵੱਲੋਂ ਕੇਂਦਰੀ ਜੇਲ੍ਹ 'ਚ ਚੱਕੀ ਨੰਬਰ 75 ਵਿਚ ਬੰਦ ਕੈਦੀ ਮਲਕੀਤ ਸਿੰਘ ਵਾਸੀ ਪਿੰਡ ਧਨੇਠਾ ਕੋਲੋਂ ਵੀ ਮੋਬਾਈਲ ਬਰਾਮਦ ਕੀਤਾ ਗਿਆ।

ਦੋ ਦਿਨ ਪਹਿਲਾਂ ਹੋਈ ਚੈਕਿੰਗ ਦੌਰਾਨ ਇਕ ਹੋਰ ਹਵਾਲਾਤੀ ਕੋਲੋਂ ਵੀ ਮੋਬਾਈਲ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਹਵਾਲਾਤੀ ਸੁਖਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਆਪਣੇ ਚੱਕੀ ਨੰਬਰ ਪੰਜ ਵਜੋਂ ਹੋਈ, ਜਿਸਨੂੰ ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ ਨੇ ਕਾਬੂ ਕੀਤਾ। ਇਸ ਸਬੰਧੀ ਥਾਣਾ ਤਿ੍ਪੜੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।