ਮਾਮਲਾ ਦੁਕਾਨਦਾਰਾਂ ਤੇ ਕੰਪਨੀ ਵੱਲੋਂ ਨਕਲੀ ਸੂਰਜਮੁਖੀ ਦਾ ਬੀਜ ਵੇਚਣ ਦਾ

ਐੱਚਐੱਸ ਸੈਣੀ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਸੂਰਜਮੁਖੀ ਦਾ ਘਟੀਆ ਬੀਜ ਵੇਚਣ ਦੇ ਮਾਮਲੇ 'ਚ 3 ਦੁਕਾਨਦਾਰਾਂ 'ਤੇ 1 ਬੀਜ ਤਿਆਰ ਕਰਨ ਵਾਲੀ ਕੰਪਨੀ ਖਿਲਾਫ ਕਿਸਾਨਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮੁਲਜ਼ਮਾਂ ਨੂੰ ਗਿ੍ਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਨੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੇ ਘਰ ਮੂਹਰੇ ਰੋਸ ਧਰਨਾ ਦੇ ਕੇ ਗਿ੍ਫਤਾਰੀ ਦੀ ਮੰਗ ਕੀਤੀ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਨਾਨਕ ਸਿੰਘ, ਹਰਵੀਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਵਾਸੀ ਪਿੰਡ ਚਲਹੇੜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਜਪੁਰਾ ਦੇ 3 ਦੁਕਾਨਦਾਰਾਂ ਤੇ ਕੰਪਨੀ ਵਲੋਂ ਘਟੀਆ ਕਿਸਮ ਦੇ ਬੀਜ ਵੇਚਣ ਨਾਲ ਉਨਾਂ੍ਹ ਦੀ 80 ਏਕੜ ਤੋਂ ਵੱਧ ਫਸਲ ਤਬਾਹ ਹੋ ਚੁੱਕੀ ਹੈ ਪਰ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਲੱਗਦਾ ਹੈ ਕਿਉਂਕਿ ਉਕਤ ਦੁਕਾਨਦਾਰਾਂ ਵਿੱਚੋਂ ਇਕ ਆਮ ਆਦਮੀ ਪਾਰਟੀ ਦਾ ਆਗੂ ਹੈ ਜਿਸ ਕਾਰਨ ਉਕਤ 3 ਦੁਕਾਨਦਾਰਾਂ ਨੂੰ ਗਿਫ਼ਤਾਰ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਨੇ ਦੱਸਿਆ ਕਿ ਉਹ ਸਥਾਨਕ ਵਿਧਾਇਕਾ ਨੀਨਾ ਮਿੱਤਲ ਅਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੂੰ ਕਈ ਵਾਰ ਆਪਣੀ ਗੁਹਾਰ ਲਗਾ ਚੁੱਕੇ ਹਨ ਪਰ ਉਨਾਂ੍ਹ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਾਰਨ ਉਹ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੋਏ ਹਨ। ਉਨਾਂ੍ਹ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਕਤ ਦੁਕਾਨਦਾਰਾਂ ਨੂੰ ਗਿ੍ਫ਼ਤਾਰ ਕਰ ਕੇ ਉਨਾਂ੍ਹ ਦੀਆਂ ਜੋ ਫਸਲਾਂ ਤਬਾਹ ਹੋਈਆਂ ਹਨ ਉਸਦਾ ਮੁਆਵਜਾ ਤੁਰੰਤ ਦਿੱਤਾ ਜਾਵੇ।