ਜੇਐੱਨਐੱਨ, ਪਟਿਆਲਾ : ਮਾਰਕੁੱਟ 'ਚ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੀਆਂ ਔਰਤਾਂ ਨੂੰ ਘਰਾਂ 'ਚੋਂ ਚੁੱਕ ਲਿਆਉਣ ਦੇ ਬਿਆਨ ਦਾ ਵੀਡੀਓ ਵਾਇਰਲ ਹੋਣ ਨਾਲ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵਿਵਾਦਾਂ 'ਚ ਘਿਰ ਗਏ ਹਨ। ਕਾਂਗਰਸੀ ਸਰਪੰਚ ਨੂੰ ਹਮਲਾ ਕਰ ਕੇ ਜ਼ਖ਼ਮੀ ਕਰਨ ਤੇ ਫਿਰ ਹਸਪਤਾਲ ਪਹੁੰਚ ਕੇ ਹਮਲਾਵਰਾਂ ਵੱਲੋਂ ਕੁੱਟਣ ਤੋਂ ਬਾਅਦ ਜਲਾਲਪੁਰ ਜ਼ਖ਼ਮੀ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਨ। ਇਸ ਦੌਰਾਨ ਕੁੱਟਮਾਰ ਦੇ ਮੁਲਜ਼ਮਾਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਤਾਂ ਉਨ੍ਹਾਂ ਕਿਹਾ ਮੁਲਜ਼ਮਾਂ ਦੀਆਂ ਔਰਤਾਂ ਨੂੰ ਘਰਾਂ ਤੋਂ ਚੁੱਕ ਲਿਆਓ। ਵਾਇਰਲ ਵੀਡੀਓ 'ਤੇ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਇਹ ਤਾਂ ਉਨ੍ਹਾਂ ਜ਼ਖ਼ਮੀਆਂ ਨੂੰ ਹੌਸਲਾ ਦੇਣ ਲਈ ਕਿਹਾ ਸੀ।

ਜਲਾਲਪੁਰ ਇਸ ਵਿਵਾਦਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ 'ਚ ਜਿੱਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਜਿੱਤ ਦਾ ਚਿੰਨ੍ਹ ਬਣਾਉਣ 'ਤੇ ਵਿਰੋਧੀ ਦਲਾਂ ਨੇ ਸਵਾਲ ਚੁੱਕੇ ਸਨ। ਘਨੌਰ ਹਲਕੇ ਦੇ ਪਿੰਡ ਤਖ਼ਤੂ ਮਾਜਰਾ ਦੇ ਕਾਂਗਰਸੀ ਸਰਪੰਚ ਹਰਸੰਗਤ ਸਿੰਘ ਨੇ ਮਾਰਕੁੱਟ ਤੋਂ ਬਾਅਦ ਅਕਾਲੀ ਵਰਕਰਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਸੀ। ਘਨੌਰ ਪੁਲਿਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕੀਤਾ ਤਾਂ ਸਾਰੇ ਫਰਾਰ ਹੋ ਗਏ। ਜ਼ਖ਼ਮੀ ਸਰਪੰਚ ਨੂੰ ਰਾਜਪੁਰਾ ਦੇ ਹਸਪਤਾਲ ਤੋਂ ਬਾਅਦ ਪਟਿਆਲਾ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਸੀ।

...ਕੀ ਹਾਲੇ ਤਕ ਚੁੱਕੀ ਕੋਈ ਔਰਤ : ਜਲਾਲਪੁਰ

ਵਿਧਾਇਕ ਮਦਨ ਨਾਲ ਜਲਾਲਪੁਰ ਨੇ ਕਿਹਾ ਕਿ ਮਾਰਕੁੱਟ ਦੇ ਦੋਸ਼ ਵਿਚ 40 ਅਕਾਲੀ ਵਰਕਰਾਂ 'ਤੇ ਕੇਸ ਦਰਜ ਹੈ, ਕੀ ਕਿਸੇ ਵੀ ਔਰਤ ਨੂੰ ਹਾਲੇ ਤਕ ਚੁੱਕਿਆ ਗਿਆ ਹੈ। ਘਟਨਾ ਤੋਂ ਬਾਅਦ ਹਾਲੇ ਤਕ ਸਿਰਫ਼ ਇਕ ਮੁਲਜ਼ਮ ਫੜਿਆ ਗਿਆ ਹੈ, ਫਿਰ ਵੀ ਕਿਸੇ ਦੇ ਪਰਿਵਾਰ ਦੀ ਔਰਤ ਨੂੰ ਕੁਝ ਨਹੀਂ ਕਿਹਾ ਗਿਆ। ਹਸਪਤਾਲ ਵਿਚ ਜ਼ਖ਼ਮੀ ਸਰਪੰਚ ਦੀ ਹਾਲਤ ਕਾਫੀ ਖਰਾਬ ਸੀ ਅਤੇ ਹੌਸਲਾ ਦੇਣ ਲਈ ਉਨ੍ਹਾਂ ਅਜਿਹੀ ਗੱਲ ਉੱਥੇ ਕੀਤੀ ਸੀ।

ਸਰਪੰਚ ਨੇ ਕਿਹਾ ਵਿਧਾਇਕ ਕਾਰਨ ਜ਼ਿੰਦਾ ਹਾਂ

ਮਾਰਕੁੱਟ 'ਚ ਜ਼ਖ਼ਮੀ ਸਰਪੰਚ ਹਰਸੰਗਤ ਸਿੰਘ ਨੇ ਮੁਲਜ਼ਮਾਂ 'ਤੇ ਗੁੰਡਾਗਰਦੀ ਦੇ ਦੋਸ਼ ਲਾਏ। ਸਰਪੰਚ ਨੇ ਇਲਾਕੇ ਦੇ ਕਾਂਗਰਸੀ ਆਗੂਆਂ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ, ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਦੀ ਮਦਦ ਨਾਲ ਜ਼ਿੰਦਾ ਰਹਿਣ ਦੀ ਗੱਲ ਕੀਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਵਿਧਾਇਕ ਜਲਾਲਪੁਰ ਨੂੰ ਅਜਿਹੇ ਗੈਰ-ਜ਼ਿੰਮੇਦਾਰਨਾ ਬਿਆਨ ਨਹੀਂ ਦੇਣੇ ਚਾਹੀਦੇ। ਅਸਲ ਵਿਚ ਤਾਂ ਸੱਤਾ ਦਾ ਨਸ਼ਾ ਕਾਂਗਰਸੀ ਆਗੂਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

Posted By: Seema Anand