ਪੱਤਰ ਪੇ੍ਰਰਕ, ਪਟਿਆਲਾ : ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀਆਂ, ਪੈਨਸ਼ਨਰਾਂ, ਕੰਟਰੈਕਟ, ਡੇਲੀਵੇਜਿਜ਼, ਵਰਕਚਾਰਜ, ਸਮੇਤ ਪਾਰਟ ਟਾਇਮ ਕਰਮੀਆਂ ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾ ਨੂੰ ਲੈ ਕੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਵੱਡੇ ਇਕੱਠ ਕਰਕੇ ਝੰਡਾ ਲਹਿਰਾਉਣ ਆਏ ਮੰਤਰੀਆਂ ਜਿੱਥੇ ਮੰਤਰੀ ਨਹੀਂ ਆਏ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਾਦ ਪੱਤਰ ਸੌਂਪੇ। ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਰਾਪਤੀ ਮੋਰਚੇ ਦੇ ਆਗੂ ਤੇ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉੱਘੀ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਮੁਲਾਜਮਾਂ ਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਮਿਤੀ 29 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਐਲਾਨੀ ਰੈਲੀ ਅਤੇ ਰੋਸ ਮਾਰਚ ਵਿੱਚ ਵੱਡੀ ਗਿਣਤੀ 'ਚ ਚੌਥਾ ਦਰਜਾ ਤੇ ਕੱਚਾ ਮੁਲਾਜਮ ਸ਼ਾਮਲ ਹੋਵੇਗਾ।

ਪਟਿਆਲਾ ਵਿਚੋਂ ਵੱਖ-ਵੱਖ ਵਿਭਾਗਾਂ ਦੇ ਚੌਥਾ ਦਰਜਾ ਤੇ ਕੱਚੇ ਕਰਮਚਾਰੀ ਵੱਡੀ ਗਿਣਤੀ 'ਚ ਜ਼ਿਲ੍ਹਾ ਸਿੱਖਿਆ ਦਫਤਰ ਕੰਪਲੈਕਸ ਵਿਖੇ ਇਕੱਤਰ ਹੋਏ ਇੱਥੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪਹਿਲਾ ਤੋਂ ਹੀ ਤਾਇਨਾਤ ਕੀਤੀ ਹੋਈ ਸੀ। ਇੱਥੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਰਾਮ ਕਿਸ਼ਨ, ਨਾਰੰਗ ਸਿੰਘ, ਸਵਰਣ ਬੰਗਾ, ਅਸ਼ੋਕ ਬਿੱਟੂ ਆਦਿ ਆਗੂਆਂ ਨੇ ਕੌਮੀ ਝੰਡਾ ਲਹਿਰਾਇਆ, ਉਪਰੰਤ ਝੰਡਾ ਲਹਿਰਾਉਣ ਆਏ ਮੰਤਰੀ ਨੂੰ ਮੰਗਾਂ ਦਾ ਯਾਦ ਪੱਤਰ ਦੇਣ ਲਈ ਸਟੇਡੀਅਮ ਵਲ ਰੋਸ ਮਾਰਚ ਸ਼ੁਰੂ ਕੀਤਾ ਤਾਂ ਭਾਰੀ ਪੁਲਿਸ ਫੋਰਸ ਨੇ ਮੁਲਾਜਮਾਂ ਦੀ ਘੇਰਾਬੰਦੀ ਕੀਤੀ ਅਤੇ ਉੱਚ ਅਧਿਕਾਰੀਆਂ ਨੇ ਆਗੂਆਂ ਨੂੰ ਪੇ੍ਰਿਤ ਕੀਤਾ ਕਿ ਉਹ ਮਾਰਚ ਨਾ ਕਰਨ ਪਰੰਤੂ ਆਗੂ ਮਾਰਚ ਕਰਨ ਲਈ ਬਜਿੱਦ ਰਹੇ ਤਾਂ ਐਸਡੀਐਮ ਇਸਮਤ ਵਿਜੇ ਸਿੰਘ ਨੇ ਇਕੱਠ 'ਚ ਪਹੁੰਚ ਕੇ ਮੰਗ ਪੱਤਰ ਪ੍ਰਰਾਪਤ ਕੀਤਾ। ਇਸ ਮੌਕੇ ਦਰਸ਼ੀ ਕਾਂਤ, ਪ੍ਰਰੀਤਮ ਚੰਦ ਠਾਕੁਰ, ਦਰਸ਼ਨ ਸਿੰਘ ਘੱਗਾ, ਅਮਰਨਾਥ ਨਰੜੂ, ਲਖਵੀਰ ਲੱਕੀ, ਅਨਿਲ ਗਾਗਟ, ਪ੍ਰਕਾਸ਼ ਸਿੰਘ ਲੁਬਾਣਾ, ਬਲਬੀਰ ਸਿੰਘ, ਮੱਖਣ ਸਿੰਘ, ਜਸਪਾਲ ਸਿੰਘ, ਰਾਮ ਕੈਲਾਸ਼ ਤੇ ਗੌਤਮ ਭਾਰਦਵਾਜ ਆਦਿ ਹਾਜਰ ਸਨ।