ਐਚਐਸ ਸੈਣੀ, ਰਾਜਪੁਰਾ

ਰਾਜਪੁਰਾ ਮਿੰਨੀ ਸਕੱਤਰੇਤ ਤੋਂ ਅੱਜ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਪੈਨਸ਼ਨਰ ਫਰੰਟ ਦੇ ਕਨਵੀਨਰ-ਕਮ-ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ ਦੀ ਅਗਵਾਈ ਵਾਲੀ ਰਾਜਪੁਰਾ ਇਕਾਈ ਜਥੇਬੰਦੀ ਦੇ ਵੱਖ-ਵੱਖ ਵਿਭਾਗਾ ਦੇ ਮੁਲਾਜ਼ਮਾਂ ਵੱਲੋਂ ਉਲੀਕੇ ਸੰਘਰਸ਼ ਤਹਿਤ ਆਪਣੀਆਂ ਮੰਗਾਂ ਦੇ ਸਬੰਧ 'ਚ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਰਿਹਾਇਸ਼ ਮੂਹਰੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਗੁਰਮੁਖ ਸਿੰਘ ਜਨਰਲ ਸਕੱਤਰ, ਗੁਰਮੁੱਖ ਸਿੰਘ ਖੈਰਪੁਰੀ, ਪ੍ਰਦੀਪ ਸਿੱਬਲ ਸੁਪਰਡੈਂਟ, ਮੁਹੰਮਦ ਹਨੀਫ, ਦਰਸ਼ਨ ਸਿੰਘ, ਗੁਰਜੰਟ ਸਿੰਘ ਰੀਡਰ ਨੇ ਦੱਸਿਆ ਕਿ ਮੁਲਾਜ਼ਮ ਆਪਣੀਆਂ ਮੰਗਾਂ ਦੇ ਸਬੰਧ 'ਚ 6 ਅਗਸਤ ਤੋਂ 18 ਅਗਸਤ ਤੱਕ ਕੰਮਾਂ ਦਾ ਬਾਈਕਾਟ ਕਰਕੇ ਕਲਮ ਛੋਡ ਹੜਤਾਲ ਤੇ ਚੱਲ ਰਹੇ ਹਨ। ਉਨ੍ਹਾਂ ਮੰਗਾਂ ਸਬੰਧੀ ਦੱਸਿਆ ਕਿ 1 ਜਨਵਰੀ 2016 ਤੋਂ 6ਵਾਂ ਪੇਅ-ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਜਲਦੀ ਲਾਗੂ ਕਰਨਾ, ਡੀ.ਏ. ਦੀਆਂ ਰਹਿੰਦੀਆਂ 5 ਕਿਸ਼ਤਾਂ ਅਤੇ 133 ਮਹੀਨਿਆਂ ਦੇ ਬਕਾਏ ਦੀ ਨਗ਼ਦ ਅਦਾਇਗੀ ਕਰਨਾ, ਜਨਵਰੀ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨਾ ਅਤੇ ਪੰਜਾਬ ਵਿੱਚ ਜਲਦੀ ਨਵੀਂ ਭਰਤੀ ਕੇਂਦਰੀ ਪੈਟਰਨ ਦੇ ਅਧਾਰ ਤੇ 7ਵੇਂ ਪੇਅ ਕਮਿਸ਼ਨ ਨੂੰ ਰੱਦ ਕਰਕੇ ਪੰਜਾਬ ਦੇ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਰਨਾ, 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੀ ਕਟੌਤੀ ਅਤੇ ਮੋਬਾਇਲ ਭੱਤਾ ਘਟਾਏ ਜਾਣ ਦਾ ਫੈਸਲਾ ਵਾਪਸ ਲੈਣਾ, ਮੁਲਾਜ਼ਮਾਂ ਦਾ ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਤੇ ਪੂਰੀ ਤਨਖਾਹ ਦੇਣਾ ਆਦਿ ਹਨ। ਇਨ੍ਹਾਂ ਹੱਕੀ ਮੰਗਾਂ ਦੇ ਸਬੰਧ 'ਚ ਮੁਲਾਜ਼ਮਾਂ ਵੱਲੋਂ ਜਥੇਬੰਦੀ ਦੇ ਸੱਦੇ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਿਹਾਇਸ਼ ਮੂੰਹਰੇ ਮੂੰਹ ਤੇ ਕਾਲੇ ਰੰਗ ਦੇ ਮਾਸਕ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ। ਵਿਧਾਇਕ ਕੰਬੋਜ਼ ਨੇ ਮੰਗ ਪੱਤਰ ਪੰਜਾਬ ਸਰਕਾਰ ਤੱਕ ਪੁਜ਼ਦਾ ਕਰਨ ਅਤੇ ਇਨ੍ਹਾਂ ਮੁੱਦਿਆਂ ਨੂੰ ਵਿਧਾਨ ਸਭਾ ਸੈਸ਼ਨ 'ਚ ਚੁੱਕਣ ਦੀ ਗੱਲ ਆਖੀ। ਇਸ ਦੌਰਾਨ ਹਰਵਿੰਦਰ ਕੌਰ, ਪ੍ਰਵੀਨ ਜੋਸ਼ੀ, ਰਘੁਵੀਰ ਸਿੰਘ, ਸ਼ਿਵ ਕੁਮਾਰ ਪਾਠਕ, ਰਵਿੰਦਰ ਕੁਮਾਰ, ਮੀਨੂੰ ਖੰਨਾ, ਸਤਿੰਦਰ ਕੌਰ, ਗੁਰਜੀਤ ਸਿੰਘ, ਰਣਧੀਰ ਸਿੰਘ, ਗੁਰਮੀਤ ਸਿੰਘ, ਗੁਰਮੀਤ ਵਾਲੀਆ, ਸੰਜੀਵ ਕੁਮਾਰ, ਤੇਜਿੰਦਰ ਕੁਮਾਰ, ਕਰਮ ਸਿੰਘ ਟਿਵਾਣਾ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਅਜੀਤ ਸਿੰਘ, ਮੋਨਿਕਾ, ਮਨੀਸ਼ਾ, ਮੇਘਾ ਕੱਕੜ, ਰਵਿੰਦਰ ਕੁਮਾਰ, ਗੁਰਮੀਤ ਸਿੰਘ, ਪਵਨਦੀਪ ਸ਼ਰਮਾ, ਹੰਸ ਰਾਜ ਆਦਿ ਹਾਜ਼ਰ ਸਨ।