ਪੱਤਰ ਪ੍ਰਰੇਰਕ, ਪਟਿਆਲਾ : ਸਰਕਾਰੀ ਨੌਕਰੀ ਜਾਂ ਕੋਈ ਹੋਰ ਸਰਕਾਰੀ ਲਾਭ ਲੈਣ ਲਈ ਲੋਕਾਂ ਵਲੋਂ ਬਣਾਏ ਜਾ ਰਹੇ ਜਾਅਲੀ ਸਰਟੀਫਿਕੇਟਾਂ ਪ੍ਰਤੀ ਹੁਣ ਪਿੰਡ ਪੱਧਰ 'ਤੇ ਲੋਕਾਂ ਵਿੱਚ ਜਾਗਰੂਕਤਾ ਆ ਗਈ ਹੈ।ਇਸੇ ਕੜੀ ਤਹਿਤ ਜਿਲਾ ਪਟਿਆਲਾ ਦੇ ਹਲਕਾ ਸ਼ੁਤਰਾਣਾ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਜਵਾਨਾਂ ਵਲੋਂ ਪਿੰਡਾਂ ਵਿੱਚ ਬਣਾਏ ਜਾ ਰਹੇ ਜਾਅਲੀ ਸਰਟੀਫਿਕੇਟਾਂ ਦੀ ਗੰਭੀਰਤਾ ਨਾਲ ਪੜਤਾਲ ਕਰਵਾਉਣ ਅਤੇ ਜਾਅਲੀ ਪਾਏ ਜਾਣ ਵਾਲੇ ਜਾਤੀ ਸਰਟੀਫਿਕੇਟਾਂ ਨੂੰ ਰੱਦ ਕਰਵਾਉਣ ਲਈ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਾਤੀ ਦੀ ਪ੍ਰਮਾਣਿਕਤਾ ਸਰਪੰਚ ਜਾਂ ਲੰਬੜਦਾਰ ਵਲੋਂ ਕੀਤੀ ਜਾਂਦੀ ਹੈ। ਇਸ ਲਈ ਇੰਨਾਂ ਦੋ ਜਿੰਮੇਵਾਰ ਵਿਅਕਤੀਆਂ ਨੂੰ ਕਿਸੇ ਵੀ ਵਿਅਕਤੀ ਦਾ ਜਾਤੀ ਸਰਟੀਫਿਕੇਟ ਬਣਾਉਣ ਸਮੇਂ ਕੀਤੀ ਜਾਂਦੀ ਤਸਦੀਕ ਵੇਲੇ ਜਾਤੀ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀ ਦੀ ਚੰਗੀ ਤਰਾਂ ਪੜਤਾਲ ਕਰਨੀ ਚਾਹੀਦੀ ਹੈ। ਜੇਕਰ ਕੋਈ ਵੀ ਸਰਪੰਚ ਜਾਂ ਲੰਬੜਦਾਰ ਜਾਣਦੇ ਹੋਏ ਵੀ ਕਿਸੇ ਦੀ ਜਾਤੀ ਦੀ ਗਲਤ ਤਸਦੀਕ ਕਰਦਾ ਹੈ ਤਾਂ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਭਾਰਤੀ ਸੰਵਿਧਾਨ ਅੰਦਰ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ ਮਿਲੇ ਹਨ ਫਿਰ ਇਕ ਦੂਜੇ ਦਾ ਹੱਕ ਮਾਰਨਾ ਗਲਤ ਹੈ। ਅਜਿਹਾ ਕਰਨ ਵਾਲਿਆਂ ਖਿਲਾਫ ਪੰਜਾਬ ਸਰਕਾਰ ਨੂੰ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਅਸਿਸਟੈਂਟ ਪ੍ਰਰੋਫੈਸਰ ਸ. ਵਿਕਰਮ ਸਿੰਘ, ਸਰਪੰਚ ਸੁਨੀਲ ਕੁਮਾਰ, ਬੂਟਾ ਸਿੰਘ, ਮੰਗਾ ਵਾਲਮੀਕਿ, ਮਨਜੀਤ ਸਿੰਘ, ਅਮਨਦੀਪ ਸਿੰਘ, ਦਿਲਪ੍ਰਰੀਤ ਸਿੰਘ, ਜੀਤ ਰਾਮ, ਓਮ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਨੌਵਜਾਨ ਹਾਜ਼ਰ ਸਨ।