ਸਟਾਫ ਰਿਪੋਰਟਰ, ਪਟਿਆਲਾ: ਪੰਜਾਬ ਵਿਚ ਨਕਲੀ ਸ਼ਰਾਬ ਨਾਲ ਸਵਾ ਸੌ ਦੇ ਕਰੀਬ ਹੋਈਆਂ ਮੌਤਾਂ ਨੂੰ ਲੈ ਕੇ ਭੜਕੇ ਹੋਏ ਅਕਾਲੀ ਦਲ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਜਿਲ੍ਹਾ ਪਟਿਆਲਾ ਵਿਚ ਵਿਕ ਰਹੀ ਨਜਾਇਜ਼ ਸ਼ਰਾਬ ਨੂੰ ਲੈ ਕੇ ਆਈ.ਜੀ. ਪਟਿਆਲਾ ਜਤਿੰਦਰ ਸਿੰਘ ਅੌਲਖ ਅਤੇ ਐਸ.ਐਸ.ਪੀ ਵਿਕਰਮਜੀਤ ਸਿੰਘ ਦੁੱਗਲ ਨੂੰ ਮੰਗ ਪੱਤਰ ਦਿੱਤਾ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਮਿਲੇ ਇਸ ਵਫਦ ਵਿਚ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਇੰਚਾਰਜ ਹਰਜੀਤ ਸਿੰਘ ਗਰੇਵਾਲ, ਹਲਕਾ ਘਨੌਰ ਦੇ ਇੰਚਾਰਜ ਬੀਬੀ ਹਰਪ੍ਰਰੀਤ ਕੌਰ ਮੁਖਮੇਲਪੁਰ, ਸੀਨੀਅਰ ਅਕਾਲੀ ਨੇਤਾ ਸੁਰਜੀਤ ਸਿੰਘ ਗੜ੍ਹੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਵੀ ਹਾਜ਼ਰ ਸਨ। ਆਗੂਆਂ ਨੇ ਆਈ.ਜੀ ਤੇ ਐਸ.ਐਸ.ਪੀ ਦੇ ਧਿਆਨ ਵਿਚ ਲਿਆਂਦਾ ਕਿ ਅੱਜ ਪਟਿਆਲਾ ਜ਼ਿਲ੍ਹੇ ਨੂੰ ਸਾਂਭਣ ਦੀ ਲੋੜ ਹੈ, ਕਿਤੇ ਇਹ ਨਾ ਹੋਵੇ ਕਿ ਬਟਾਲੇ ਵਰਗਾ ਕਾਂਡ ਪਟਿਆਲਾ ਵਿਚ ਵੀ ਹੋ ਜਾਵੇ। ਇਨ੍ਹਾਂ ਨੇਤਾਵਾਂ ਨੇ ਦੋਵੇਂ ਪੁਲਸ ਅਧਿਕਾਰੀਆਂ ਨੂੰ ਆਖਿਆ ਕਿ ਪਟਿਆਲਾ ਜਿਲ੍ਹੇ ਵਿਚ ਸਭ ਤੋਂ ਵੱਧ ਸ਼ਰਾਬ ਦਾ ਧੰਦਾ ਰਾਜਪੁਰਾ ਤੇ ਘਨੌਰ ਵਿਚ ਹੋ ਰਿਹਾ ਹੈ। ਸਾਬਕਾ ਮੰਤਰੀ ਰੱਖੜਾ ਤੇ ਹੋਰ ਨੇਤਾਵਾਂ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਵਕਤ ਇਸ ਸਕੈਂਡਲ ਨੂੰ ਚਲਾਉਣ ਵਾਲੇ ਲੋਕਾਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਤਾਰ ਜੁੜੇ ਹੋਏ ਹਨ। ਅਕਾਲੀ ਨੇਤਾਵਾਂ ਨੇ ਦੱਸਿਆ ਕਿ ਇਸ ਵਕਤ ਇਹ ਗੈਂਗ ਆਪਣੇ ਹੋਮ ਬੁਆਏਜ਼ ਰਾਹੀਂ ਲੋਕਾਂ ਨੂੰ ਇਸ ਜਾਅਲੀ ਸ਼ਰਾਬ ਦੀ ਘਰ ਘਰ ਡਲੀਵਰੀ ਕਰ ਰਿਹਾ ਹੈ ਜਿਸ ਨਾਲ ਕਿਹੋ ਜਿਹੇ ਹਾਦਸੇ ਹੋਣੇ ਸੰਭਵ ਹਨ। ਆਈ.ਜੀ. ਜਤਿੰਦਰ ਸਿੰਘ ਨੇ ਇਸ ਮੌਕੇ ਅਕਾਲੀ ਦਲ ਦੇ ਇਸ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਪਟਿਆਲਾ ਪੁਲਸ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ।