ਸੀਨੀਅਰ ਰਿਪੋਰਟਰ, ਪਟਿਆਲਾ : ਪਟਿਆਲਾ ਅੰਦਰ 31 ਮਾਰਚ ਤਕ ਦਰਜਨਾਂ ਹੋਰ ਨਵੇਂ ਸਥਾਪਤ ਕੀਤੇ ਜਾਣ ਵਾਲੇ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਜਰਾ ਤੇ ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚਰਚਾ ਕੀਤੀ। ਵਿਧਾਇਕ ਅਜੀਤਪਾਲ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਹਲਕੇ ਵਿਚ ਆਮ ਆਦਮੀ ਕਲੀਨਿਕਾਂ ਲਈ ਕਈ ਪ੍ਰਸਤਾਵਤ ਥਾਵਾਂ ਪਟਿਆਲਾ ਵਿਚ ਹਨ। ਇਨ੍ਹਾਂ ਵਿਚ ਪਾਸੀ ਰੋਡ 'ਤੇ ਸਥਿਤ ਬਾਬਾ ਜੀਵਨ ਸਿੰਘ ਬਸਤੀ, ਧਰਮਪੁਰਾ ਬਾਜ਼ਾਰ 'ਚ ਮਿਡ ਟਾਊਨ ਪਲਾਜ਼ਾ, ਸੱਤਿਆ ਇਨਕਲੇਵ, ਵੱਡਾ ਅਰਾਈ ਮਾਜਰਾ ਵਿਖੇ ਪ੍ਰਸਤਵਿਤ ਥਾਂਵਾਂ ਤੇ ਤਜਵੀਜ਼ ਸੁਦਾ ਆਮ ਆਦਮੀ ਕਲੀਨਿਕ ਖੋਲ੍ਹਣ 'ਤੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜ਼ਿਲ੍ਹਾ ਸਿਹਤ ਅਫ਼ਸਰ ਦਲਬੀਰ ਕੌਰ, ਐੱਸਐੱਮਓ ਕੁਸ਼ਲਦੀਪ ਗਿੱਲ ਵੀ ਮੌਜੂਦ ਸਨ।
ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਮਿਆਰੀ ਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਨੂੰ ਪਟਿਆਲਾ ਵਿਖੇ ਸਫ਼ਲ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਅੰਦਰ ਆਮ ਆਦਮੀ ਕਲੀਨਿਕ ਸਥਾਪਤ ਹੋਣ ਨਾਲ ਲੋਕਾਂ ਨੂੰ ਇਲਾਜ ਲਈ ਦੂਰ ਦੁਰਾਡੇ ਦੇ ਹਸਪਤਾਲਾਂ 'ਚ ਜਾਣ ਦੀ ਲੋੜ ਨਹੀ ਪਵੇਗੀ, ਜਿਸ ਨਾਲ ਵੱਡੇ ਹਸਪਤਾਲਾਂ 'ਤੇ ਵੀ ਮਰੀਜ਼ਾਂ ਦਾ ਬੋਝ ਘਟੇਗਾ। ਇਹਨਾਂ ਕਲੀਨਿਕਾਂ 'ਚ ਮੁਫ਼ਤ ਸਿਹਤ ਜਾਂਚ ਸਮੇਤ 41 ਤਰਾਂ ਦੇ ਲੋੜੀਂਦੇ ਲੈਬ ਟੈਸਟ ਤੇ 96 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਮਿਲਣਗੀਆਂ।