ਸਟਾਫ ਰਿਪੋਰਟਰ, ਪਟਿਆਲਾ : ਸ਼ਾਹੀ ਸ਼ਹਿਰ ਵਿਚ ਚਾਰ ਵੱਡੇ ਪ੍ਰਰਾਜੈਕਟਾਂ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰੱਖਣਗੇ। ਇਸ ਸਬੰਧੀ ਕਾਂਗਰਸ ਆਗੂਆਂ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਵਿਖੇ 'ਤੇ ਇਕ ਮਹੱਤਵਪੂਰਨ ਬੈਠਕ ਕੀਤੀ। ਮੇਅਰ ਨੇ ਸਮੂਹ ਕਾਂਗਰਸੀਆਂ ਦੇ ਸਾਹਮਣੇ ਪ੍ਰਰੋਗਰਾਮ ਦੀ ਰੂਪ ਰੇਖਾ ਪੇਸ਼ ਕੀਤੀ, ਜਿਸ ਦੇ ਅਧਾਰ ਤੇ ਮੁੱਖ ਮੰਤਰੀ ਦੇ ਆਉਣ ਨਾਲ ਲੋਕਾਂ ਨੂੰ ਚਾਰ ਵੱਡੇ ਪ੍ਰਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣ ਲਈ ਪ੍ਰਰੋਗਰਾਮ ਤੈਅ ਕੀਤਾ ਗਿਆ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲਗਾਤਾਰ 10 ਸਾਲਾਂ ਤੋਂ ਪਟਿਆਲਾ ਸ਼ਹਿਰ ਇੱਕ ਰਾਜਨੀਤਿਕ ਬਦਲਾਖੋਰੀ ਦਾ ਸਾਹਮਣਾ ਕਰਦਾ ਰਿਹਾ ਹੈ ਅਤੇ ਇਸੇ ਕਾਰਨ ਇਤਿਹਾਸਕ ਸ਼ਹਿਰ ਹੋਰਨਾ ਸ਼ਹਿਰਾਂ ਦੇ ਮੁਕਾਬਲੇ ਬੁਰੀ ਤਰਾਂ ਪੱਛੜ ਗਿਆ ਸੀ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹੀ ਸ਼ਹਿਰ ਲਈ ਨਿਰੰਤਰ ਵਿਕਾਸ ਫੰਡ ਜਾਰੀ ਕੀਤੇ, ਜਿਸ ਦੇ ਅਧਾਰ 'ਤੇ ਇਹ ਸ਼ਹਿਰ ਇਕ ਵਾਰ ਫਿਰ ਵਿਕਾਸ ਦੇ ਰਾਹ 'ਤੇ ਚੱਲਣ ਯੋਗ ਹੋ ਸਕਿਆ। ਮੇਅਰ ਨੇ ਕਿਹਾ ਕਿ 25 ਅਕਤੂਬਰ ਨੂੰ ਵਿਜੇਦਸ਼ਮੀ ਦਾ ਦਿਨ ਸ਼ਹਿਰ ਲਈ ਬਹੁਤ ਖੁਸ਼ਕਿਸਮਤ ਦਿਨ ਹੈ, ਇਹ ਦਿਨ ਹਮੇਸ਼ਾਂ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਕਿਉਂਕਿ ਇਸ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦੀ ਮੈਂਬਰ ਪਰਨੀਤ ਕੌਰ ਅਤੇ ਜੈਇੰਦਰ ਕੌਰ ਪਟਿਆਲਾ ਨੂੰ ਸਪੋਰਟਸ ਯੂਨੀਵਰਸਿਟੀ, ਨਵਾਂ ਬਸ ਸਟੈਂਡ, ਨਹਿਰ ਪਾਣੀ ਦਾ ਪ੍ਰਰੋਜੈਕਟ ਅਤੇ ਹੈਰੀਟੇਜ ਸਟ੍ਰੀਟ ਦੇਣਗੇ। ਪੀਆਰਟੀਸੀ ਦੇ ਚੇਅਰਮੈਨ ਕੇ.ਕੇ ਸ਼ਰਮਾ ਨੇ ਕਿਹਾ ਕਿ ਇਤਿਹਾਸ ਵਿਚ 25 ਅਕਤੂਬਰ 2020 ਦਾ ਦਿਨ ਹਮੇਸ਼ਾ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ, ਕਿਉਂਕਿ ਪਿਛਲੇ 250 ਸਾਲਾਂ ਵਿਚ ਕਿਸੇ ਵੀ ਸ਼ਹਿਰ ਨੂੰ ਵਿਕਾਸ ਦਾ ਇੰਨਾ ਵੱਡਾ ਤੋਹਫਾ ਕਦੇ ਇਕ ਵਾਰ ਵਿਚ ਨਹੀਂ ਮਿਲਿਆ। ਸ਼ਹਿਰ ਨੂੰ ਪਹਿਲਾਂ ਹੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਥਾਪਰ ਇੰਜੀਨੀਅਰਿੰਗ ਯੂਨੀਵਰਸਿਟੀ ਅਤੇ ਇਸ ਦੇ ਨਾਲ ਮੈਡੀਕਲ ਕਾਲਜ ਦੀਆਂ ਸਹੂਲਤਾਂ ਮਿਲ ਰਹੀਆਂ ਸਨ, ਪਰ ਸਪੋਰਟਸ ਯੂਨੀਵਰਸਿਟੀ ਦੇ ਨਾਲ ਸ਼ਹਿਰ ਨੂੰ ਰਾਸ਼ਟਰੀ ਪੱਧਰ 'ਤੇ ਇਕ ਨਵੀਂ ਪਹਿਚਾਣ ਮਿਲੇਗੀ। ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੇ.ਕੇ ਮਲਹੋਤਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਸਵੇਰੇ 10 ਵਜੇ ਪਿੰਡ ਸਿੱਧੂਵਾਲ ਵਿਖੇ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ, ਜਿਸ ਤੋਂ ਬਾਅਦ ਉਹ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਮਗਰੋਂ ਮੁੱਖ ਮੰਤਰੀ ਕਿਲਾ ਚੌਕ ਵਿਖੇ ਹੈਰੀਟੇਜ ਸਟ੍ਰੀਟ ਅਤੇ ਇਸ ਤੋਂ ਬਾਅਦ ਨਗਰ ਨਿਗਮ ਵਿਖੇ ਨਹਿਰੀ ਪਾਣੀ ਦੇ ਪ੍ਰਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਸਾਰਾ ਸ਼ਹਿਰ ਆਪਣੇ ਮੁੱਖ ਮੰਤਰੀ ਦਾ ਸ਼ਾਨਦਾਰ ਸਵਾਗਤ ਕਰਨਾ ਚਾਹੁੰਦਾ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਇਕੱਠੇ ਇੰਨੇ ਵੱਡੇ ਵਿਕਾਸ ਕਾਰਜ ਕੋਈ ਹੋਰ ਨਹੀਂ ਕਰਵਾ ਸਕਦਾ ਸੀ। ਪੂਰਾ ਸ਼ਹਿਰ 25 ਅਕਤੂਬਰ ਦਸ਼ਹਿਰੇ ਵਾਲੇ ਦਿਨ ਨੂੰ ਵਿਕਾਸ ਰੂਪੀ ਤਿਉਹਾਰ ਦੋ ਤੌਰ ਤੇ ਮਨਾਇਆ ਜਾਵੇਗਾ।