ਸਟਾਫ ਰਿਪੋਰਟਰ, ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 14 ਫਰਵਰੀ ਨੂੰ ਦਾਣਾ ਮੰਡੀ ਸਮਾਣਾ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਚ ਵਿਸੇਸ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਐਸ.ਜੀ.ਪੀ.ਸੀ. ਦੇ ਪ੍ਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਪੰਥ ਦੇ ਮਹਾਨ ਰਾਗੀ ਜੱਥੇ ਅਤੇ ਹੋਰ ਸੰਤ ਮਹਾਪੁਰਸ਼ ਪੁੱਜ ਰਹੇ ਹਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਇਸ ਸੰਬੰਧੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸਮੁੱਚੇ ਅਕਾਲੀ ਨੇਤਾਵਾਂ ਤੇ ਐਸ.ਜੀ.ਪੀ.ਸੀ. ਮੈਂਬਰਾਂ ਦੀ ਹੰਗਾਮੀ ਮੀਟਿੰਗ ਕਰਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਰੱਖੜਾ ਨੇ ਆਖਿਆ ਕਿ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਇਸ ਮਹਾਨ ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਗਿਆਨੀ ਮਾਨ ਸਿੰਘ ਪਹੁੰਚ ਕੇ ਕਥਾ ਕਰਨਗੇ। ਉਨ੍ਹਾਂ ਆਖਿਆ ਕਿ ਐਸ.ਜੀ.ਪੀ.ਸੀ. ਦੀ ਧਰਮ ਪ੍ਚਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰਕੇ ਗੁਰੂ ਦੇ ਲੜ ਨਾਲ ਜੋੜਣਾ ਹੈ। ਰੱਖੜਾ ਨੇ ਕਿਹਾ ਕਿ ਅੱਜ ਮੌਜੂਦਾ ਸਰਕਾਰ ਦੀਆਂ ਨਲਾਕਿਆਂ ਕਾਰਨ ਨੌਜਵਾਨ ਲਗਾਤਾਰ ਨਸ਼ਿਆਂ ਦੀ ਦਲਦਲ ਵਿੱਚ ਧਸਜੇ ਜਾ ਰਹੇ ਹਨ। ਸਮਾਜ ਵਿੱਚ ਲਗਾਤਾਰ ਕਰਾਇਮ ਵੱਧਦਾ ਜਾ ਰਿਹਾ ਹੈ। ਇਸ ਸੱਭ ਦਾ ਕਾਰਨ ਚੰਗੇ ਸੇਧ ਦੇਣ ਵਾਲੇ ਸਮਾਗਮ ਅਤੇ ਧਾਰਮਿਕ ਪ੍ਚਾਰ ਘੱਟ ਹੈ। ਉਨ੍ਹਾਂ ਕਿਹਾ ਕਿ ਅਸੀ ਹਮੇਸ਼ਾ ਹੀ ਨੌਜਵਾਨਾਂ ਨੂੰ ਸਿੱਧੇ ਰਾਹ 'ਤੇ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਸਾਡੀਆਂ ਕੋਸ਼ਿਸ਼ਾਂ ਹਮੇਸ਼ਾ ਹੀ ਜਾਰੀ ਰਹਿਣਗੀਆਂ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਇਸ ਸਮਾਗਮ ਵਿੱਚ ਵੱਧ ਚੜਕੇ ਹਿੱਸਾ ਲੈਣ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਵਨਿੰਦਰ ਕੌਰ ਲੂੰਬਾ, ਕਬੀਰ ਦਾਸ ਨਾਭਾ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਵੀਸੀ ਵਿੰਗ ਪ੍ਧਾਨ ਗੁਰਦੀਪ ਸਿੰਘ ਸ਼ੇਖੁਪੁਰਾ , ਦਫਤਰ ਇੰਚਾਰਜ਼ ਗੁਰਾਇਆ ਆਦਿ ਮੌਜੂਦ ਸਨ। ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਇਸ ਸਮਾਗਮ ਦੇ ਨਾਲ-ਨਾਲ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ 17 ਫਰਵਰੀ ਨੂੰ ਪਟਿਆਲਾ ਜਿਲਾ ਵਿੱਚ ਪਹੰੁਚ ਰਹੀ ਹੈ। ਉਨ੍ਹਾਂ ਆਖਿਆ ਕਿ 17 ਫਰਵਰੀ ਨੂੰ ਇਹ ਯਾਤਰਾ ਹਲਕਾ ਸ਼ੁਤਰਾਣਾ ਵਿੱਚ, 18 ਫਰਵਰੀ ਨੂੰ ਸਮਾਣਾ ਵਿੱਚ, 19 ਫਰਵਰੀ ਨੂੰ ਨਾਭਾ ਵਿੱਚ, 20 ਅਤੇ 21 ਫਰਵਰੀ ਸਨੌਰ ਵਿੱਚ, 22 ਫਰਵਰੀ ਨੰ ਘਨੌਰ ਵਿੱਚ, 23 ਫਰਵਰੀ ਨੂੰ ਰਾਜਪੁਰਾ ਵਿੱਚ ਆਵੇਗੀ। ਉਨ੍ਹਾਂ ਆਖਿਆ ਕਿ ਇਸ ਸ਼ਬਦ ਗੁਰੂ ਯਾਤਰਾ ਦਾ ਮਕਸਦ ਵੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਹੋਵੇਗਾ।