ਹਰਿੰਦਰ ਸ਼ਾਰਦਾ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ 'ਚ ਸੀਨੀਅਰ ਰੈਜ਼ੀਡੈਂਸ ਡਾਕਟਰਾਂ ਦੀ ਰਿਹਾਇਸ਼ ਦਾ ਜਲਦ ਹੀ ਤੋਹਫ਼ਾ ਮਿਲਣ ਜਾ ਰਿਹਾ ਹੈ। ਡਾਕਟਰਾਂ ਦੀ ਸਹੂਲਤ ਲਈ ਸਰਕਾਰ ਵੱਲੋਂ 30 ਕਰੋੜ ਦੀ ਲਾਗਤ ਨਾਲ 5 ਮੰਜ਼ਿਲਾ ਕੁਆਰਟਰ ਤਿਆਰ ਕੀਤੇ ਜਾ ਰਹੇ ਹਨ, ਜਿਸ ਦਾ ਨਿਰਮਾਣ ਮੈਡੀਕਲ ਕਾਲਜ ਦੇ ਅੰਦਰ ਸ਼ੁਰੂ ਹੋ ਗਿਆ ਹੈ। ਇਸ ਨਾਲ ਜਿਥੇ ਦੂਰ ਦੁਰਾਡੇ ਤੋਂ ਆਉਣ ਵਾਲੇ ਡਾਕਟਰਾਂ ਦੇ ਰਹਿਣ ਦੀ ਸਮੱਸਿਆ ਦੂਰ ਹੋਵੇਗੀ। ਉਥੇ ਹੀ ਉਹ ਆਪਣੇ ਪਰਿਵਾਰ ਨਾਲ ਬਿਨਾਂ ਕੋਈ ਪਰੇਸ਼ਾਨੀ ਦੇ ਰਹਿ ਸਕਣਗੇ।

ਮੈਡੀਕਲ ਕਾਲਜ ਮਾਲਵੇ ਦਾ ਸਭ ਤੋਂ ਵੱਡਾ ਸਰਕਾਰੀ ਮੈਡੀਕਲ ਕਾਲਜ ਹੈ। ਜਿਥੇ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੀ ਡਾਕਟਰੀ ਦੀ ਪੜ੍ਹਾਈ ਦੇ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਆਪਣੀ ਪ੍ਰਰੈਕਟਿਸ ਵੀ ਕਰ ਰਹੇ ਹਨ। ਹਾਲਾਂਕਿ ਵਿਦਿਆਰਥੀਆਂ ਦੇ ਰਹਿਣ ਲਈ ਕਾਲਜ ਦੇ ਅੰਦਰ ਹੀ ਲੜਕੇ ਤੇ ਲੜਕੀਆਂ ਦਾ ਹੋਸਟਲ ਬਣਿਆ ਹੋਇਆ ਹੈ ਪਰ ਸੀਨੀਅਰ ਰੈਜ਼ੀਡੈਂਸ ਦੇ ਰਹਿਣ ਲਈ ਕੁਆਰਟਰ ਦੀ ਕਮੀ ਪ੍ਰਸ਼ਾਸਨ ਨੂੰ ਪਿਛਲੇ ਲੰਬੇ ਸਮੇਂ ਤੋਂ ਰੜਕ ਰਹੀ ਸੀ। ਇਸੇ ਸਬੰਧ ਵਿਚ ਕਾਲਜ ਪ੍ਰਸ਼ਾਸਨ ਵਲੋਂ ਸੀਨੀਅਰ ਰੈਜ਼ੀਡੈਂਸ ਡਾਕਟਰਾਂ ਦੇ ਰਹਿਣ ਲਈ ਕੁਆਰਟਰ ਬਣਾਉਣ ਦੀ ਮੰਗ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ ਤਾਂ ਜੋ ਡਾਕਟਰਾਂ ਨੂੰ ਰਹਿਣ ਦੇ ਲਈ ਕੁਆਰਟਰਾਂ ਦਾ ਨਿਰਮਾਣ ਕਰਵਾਇਆ ਜਾ ਸਕੇ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਹਰੀ ਝੰਡੀ ਤੇ ਫ਼ੰਡ ਜਾਰੀ ਹੋਣ ਤੋਂ ਬਾਅਦ ਕਾਲਜ ਅੰਦਰ 5 ਮੰਜ਼ਿਲਾ ਕੁਆਰਟਰਾਂ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋ ਗਿਆ ਹੈ। ਜਿਸ ਦਾ ਫ਼ਾਇਦਾ ਸਰਕਾਰੀ ਰਜਿੰਦਰਾ ਹਸਪਤਾਲ ਤੇ ਕਾਲਜ ਦੇ ਅੰਦਰ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਰੈਜ਼ੀਡੈਂਸ ਨੂੰ ਮਿਲੇਗਾ। ਕਾਲਜ ਵਿਚ ਕੁਆਰਟਰ ਹਾਲੇ ਨਿਰਮਾਣ ਅਧੀਨ ਹੈ, ਿਫ਼ਲਹਾਲ ਕੁਆਰਟਰ ਦਾ ਗਰਾਊਂਡ ਫ਼ਲੋਰ ਦਾ ਕੰਮ ਤਾਂ ਪੂਰਾ ਹੋਣ ਕੰਢੇ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਜਲਦ ਹੀ ਨਿਰਮਾਣ ਕਾਰਜ ਨੂੰ ਪੂਰਾ ਕਰਵਾਉਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਨਿਰਮਾਣ ਪੂਰਾ ਕਰਵਾ ਕੇ ਕੁਆਰਟਰ ਸੀਨੀਅਰ ਰੈਜ਼ੀਡੈਂਸ ਡਾਕਟਰਾਂ ਨੂੰ ਸਪੁਰਦ ਕੀਤੇ ਜਾ ਸਕਣ।

-------------

ਡਾਕਟਰਾਂ ਲਈ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ : ਨੰਦਾ

ਆਮ ਆਦਮੀ ਪਾਰਟੀ ਦੇ ਆਗੂ ਸੁਨੀਤ ਨੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਨੂੰ ਮਿਆਰੀ ਸਹੂਲਤਾਂ ਦੇਣ ਲਈ ਜੋ ਸਰਕਾਰੀ ਹਸਪਤਾਲ ਵਿਚ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ। ਮੈਡੀਕਲ ਕਾਲਜ ਵਿਚ ਕੁਆਰਟਰਾਂ ਦੇ ਨਿਰਮਾਣ ਨਾਲ ਸੀਨੀਅਰ ਰੈਜ਼ੀਡੈਂਸ ਡਾਕਟਰਾਂ ਦੀ ਆਉਣ-ਜਾਣ ਦੀ ਦਿੱਕਤ ਹੱਲ ਹੋਵੇਗੀ। ਇਸ ਦੇ ਨਾਲ ਐਮਰਜੈਂਸੀ ਸਮੇਂ ਡਾਕਟਰਾਂ ਦੀ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਉਪਲਬਧਤਾ ਵੀ ਵਧੇਗੀ। ਜਿਸ ਦਾ ਸਿੱਧੇ ਤੌਰ 'ਤੇ ਫ਼ਾਇਦਾ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਮਿਲੇਗਾ।

--------------

ਕੁਆਰਟਰਾਂ ਦੇ ਨਿਰਮਾਣ ਨਾਲ ਡਾਕਟਰਾਂ ਦੀ ਸਮੱਸਿਆ ਹੋਵੇਗੀ ਦੂਰ : ਪਿੰ੍ਸੀਪਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਕਾਲਜ ਦੇ ਪਿੰ੍ਸੀਪਲ ਡਾ.ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਆਰਟਰਾਂ ਦੀ ਘਾਟ ਕਰ ਕੇ ਸੀਨੀਅਰ ਰੈਜ਼ੀਡੈਂਸ ਨੂੰ ਕਾਲਜ ਦੇ ਵਿਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਤਹਿਤ ਕਾਲਜ ਵਿਚ ਕੁਆਰਟਰਾਂ ਦੇ ਨਿਰਮਾਣ ਲਈ ਮੰਗ ਸਰਕਾਰ ਨੂੰ ਭੇਜੀ ਗਈ ਸੀ। ਡਾਕਟਰਾਂ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵੱਲੋਂ ਕਾਲਜ ਵਿਚ ਕੁਆਰਟਰਾਂ ਦੇ ਨਿਰਮਾਣ ਲਈ ਫ਼ੰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਡਾਕਟਰਾਂ ਦੀ ਸੁਵਿਧਾ ਲਈ ਕਾਲਜ ਅੰਦਰ ਹੀ 5 ਮੰਜ਼ਿਲਾ ਕੁਆਰਟਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ ਕਿ ਜਲਦ ਹੀ ਤਿਆਰ ਹੋਣ ਤੋਂ ਬਾਅਦ ਸੀਨੀਅਰ ਰੈਜ਼ੀਡੈਂਸ ਡਾਕਟਰਾਂ ਦੀ ਰਿਹਾਇਸ਼ ਲਈ ਖੋਲ ਦਿੱਤੇ ਜਾਣਗੇ। ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।