ਪੱਤਰ ਪੇ੍ਰਕ, ਸਮਾਣਾ : ਮਾਨਸਿਕ ਪਰੇਸ਼ਾਨੀ ਕਾਰਨ ਇਕ ਵਿਅਕਤੀ ਨੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ, ਗੋਤਾਖੋਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢਿਆ ਪਰ ਉਹ ਬਚ ਨਹੀਂ ਸਕਿਆ। ਸੂਚਨਾ ਮਿਲਣ ਤੇ ਸਿਟੀ ਪੁਲਿਸ ਵੱਲੋਂ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਸਿਟੀ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ (45) ਬਾਂਸ ਬਾਜ਼ਾਰ ਵਿਚ ਨਾਈ ਦੀ ਦੁਕਾਨ ਚਲਾਉਂਦਾ ਸੀ ਤੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਸੋਮਵਾਰ ਸਵੇਰੇ ਉਹ ਬਾਜ਼ਾਰ ਆਇਆ ਸੀ ਤੇ ਆਪਣੇ ਬੇਟੇ ਨਾਲ ਪਟਿਆਲਾ ਰੋਡ 'ਤੇ ਸਥਿਤ ਭਾਖੜਾ ਨਹਿਰ ਦੇ ਪੁਲ ਵੱਲ ਚੱਲਾ ਗਿਆ।

ਬੇਟੇ ਨੂੰ ਉਥੇ ਹੀ ਖੜ੍ਹਾ ਕਰ ਕੇ ਸੈਰ ਦਾ ਬਹਾਨਾ ਬਣਾ ਕੇ ਉਹ ਨਹਿਰ ਵੱਲ ਗਿਆ ਤੇ ਨਹਿਰ ਵਿਚ ਛਾਲ ਮਾਰ ਦਿੱਤੀ। ਮਿ੍ਤਕ ਆਪਣੇ ਪਿਛੇ ਪਤਨੀ ਤੇ ਦੋ ਬੇਟੇ ਛੱਡ ਗਿਆ ਹੈ। ਪੁਲਿਸ ਅਧਿਕਾਰੀ ਦੇ ਅਨੁਸਾਰ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਮਿ੍ਤਕ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।