ਸਟਾਫ ਰਿਪੋਰਟਰ, ਪਟਿਆਲਾ: ਖੇਤੀ ਕਾਨੂੰਨਾਂ ਖ਼ਿਲਾਫ਼ ਖਿਲਾਫ ਸ਼ੁਰੂ ਹੋਈ ਕਿਸਾਨੀ ਲਹਿਰ ਭਾਰਤੀ ਜਨਤਾ ਪਾਰਟੀ ਲਈ ਖਤਰਨਾਕ ਸਾਬਤ ਹੋ ਰਹੀ ਹੈ। ਜਿਥੇ ਕੇਂਦਰ ਸਰਕਾਰ ਖੇਤੀ ਕਾਨੂੰਨ ਨੂੰ ਲਾਗੂ ਕਰਨ 'ਤੇ ਬੇਜਿੱਦ ਹੈ ਉਥੇ ਕਿਸਾਨਾਂ ਦੇ ਰੋਹ ਅੱਗੇ ਪੰਜਾਬ ਵਿਚ ਪਾਰਟੀ ਦੇ ਸਿਰਕੱਢ ਆਗੂ ਵੀ ਭਾਜਪਾ ਤੋਂ ਪਿਛੇ ਹਟਣ ਲੱਗੇ ਹਨ। ਸ਼ਨਿੱਚਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਆਪਣਾ ਅਸਤੀਫਾ ਭੇਜਿਆ ਹੈ। ਇਸ ਸਬੰਧੀ ਗੱਲ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਿੱਲ ਦੇ ਕਾਨੂੰਨ ਬਨਣ ਤੋਂ ਪਹਿਲਾਂ ਉਨਾਂ ਵਲੋਂ ਪੰਜਾਬ ਦੇ ਕਿਸਾਨਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਸੀ। ਜਿਸ ਸਬੰਧੀ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਾਣੂ ਕਰਵਾਇਆ ਗਿਆ। ਕਿਸਾਨਾਂ ਦੀ ਆਵਾਜ ਸਰਕਾਰ ਤੇ ਪਾਰਟੀ ਤੱਕ ਪਹੁੰਚਾਉਣ ਲਈ ਉਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਕਿਤੇ ਸੁਣਵਾਈ ਹੀ ਨਹੀ ਹੋਈ। ਕੰਗ ਨੇ ਕਿਹਾ ਕਿ ਪਾਰਟੀ ਵਿਚ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਕੁਝ ਵੀ ਸੁਨਣ ਦੀ ਬਜਾਏ ਇਨਾਂ ਬਿਨਾਂ ਦੇ ਸਿਰਫ ਪ੍ਰਚਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਪਾਰਟੀ ਉਹ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਸਨ।

ਕੰਗ ਨੇ ਕਿਹਾ ਕਿ ਪੰਜਾਬ ਦਾ ਮੁੱਢ ਕਿੱਤਾ ਤੇ ਦੇਸ਼ ਦੀ ਰੀੜ ਦੀ ਹੱਡੀ ਸਾਡਾ ਕਿਸਾਨ ਹੈ ਪਰ ਭਾਜਪਾ ਇਸਨੂੰ ਸਮਝਣਾ ਨਹੀਂ ਚਾਹੁੰਦੀ ਹੈ। ਇਸ ਲਈ ਉਨਾਂ ਨੇ ਕਿਸਾਨਾਂ ਦੇ ਹੱਕ ਵਿਚ ਖੜਦਿਆਂ ਤੇ ਪਾਰਟੀ ਨੂੰ ਅਲਵਿਦਾ ਕਿਹਾ ਹੈ ਤੇ ਹੁਣ ਉਹ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਨਣਗੇ।

Posted By: Jagjit Singh