ਐੱਚਐੱਸ ਸੈਣੀ, ਰਾਜਪੁਰਾ : ਇੱਥੋਂ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਕਰੀਬ ਡੇਢ ਸਾਲ ਪਹਿਲਾਂ ਬੱਚਿਆਂ ਦੇ ਅੰਨ੍ਹੇ ਕਤਲ ਦੀ ਕਹਾਣੀ ਬਹੁਤ ਹੀ ਦੁਖਦਾਈ ਹੈ। ਭਾਵੇਂ ਸਾਡੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਇਸ ਦੇ ਅਸਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਜਦੋਂ ਤਕ ਮੁਲਜ਼ਮ ਫਾਂਸੀ 'ਤੇ ਨਹੀਂ ਲਟਕ ਜਾਂਦੇ, ਉਦੋਂ ਤਕ ਮੈਂ ਟਿਕ ਕੇ ਨਹੀਂ ਬੈਠਾਂਗਾ ਅਤੇ ਪੂਰੀ ਕਾਨੂੰਨੀ ਲੜਾਈ ਲੜ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਹਾਂਗਾ। ਇਹ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਖੇੜੀ ਗੰਡਿਆਂ ਵਿਖੇ ਪ੍ਰਰੈੱਸ ਕਾਨਫਰੰਸ ਅਤੇ ਪਿੰਡ ਵਾਸੀਆਂ ਵੱਲੋਂ ਰੱਖੀ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ।

ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ 'ਤੇ ਰਾਜਨੀਤੀ ਕਰਨ ਕਾਰਨ ਇਨਸਾਫ ਮਿਲਣ ਵਿਚ ਬਹੁਤ ਦੇਰੀ ਹੋਈ ਹੈ ਪਰ ਪੁਲਿਸ ਵੱਲੋਂ ਅਸਲ ਦੋਸ਼ੀਆਂ ਨੂੰ ਕਾਬੂ ਕਰਨ ਲਈ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਖੇੜੀ ਗੰਡਿਆਂ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਵਧਾਈ ਦੇ ਪਾਤਰ ਹਨ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਨੁ੍ਹਾਂ ਵੱਲੋਂ ਮਿ੍ਤਕ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦੀ ਸਮੇਂ-ਸਮੇਂ 'ਤੇ ਆਰਥਿਕ ਸਹਾਇਤਾ ਕਰਨ ਦੇ ਨਾਲ-ਨਾਲ ਯੋਗ ਦੀ ਵਕੀਲ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਇਸ ਕੇਸ ਨੂੰ ਸੁਲਝਾਉਣ ਦੀ ਬਜਾਏ ਧਰਨੇ ਅਤੇ ਰੋਸ ਮੁਜ਼ਾਹਰੇ ਕਰਕੇ ਪੁਲਿਸ ਦੀ ਕਾਰਵਾਈ ਵਿਚ ਅੜਿੱਕਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਵਿਧਾਇਕ ਮਦਨ ਲਾਲ ਜਲਾਲਪੁਰ, ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਵੱਲੋਂ ਮਿਲੇ ਸਹਿਯੋਗ ਸਦਕਾ ਪੰਜਾਬ ਪੁਲਿਸ ਇਸ ਮਸਲੇ ਨੂੰ ਹੱਲ ਕਰਨ ਵਿਚ ਕਾਮਯਾਬ ਹੋਈ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਬਲਾਕ ਸੰਮਤੀ ਚੇਅਰਮੈਨ ਅੱਛਰ ਸਿੰਘ ਭੇਡਵਾਲ, ਪੰਚਾਇਤ ਯੂਨੀਅਨ ਬਲਾਕ ਸੰਭੂ ਦੇ ਪ੍ਰਧਾਨ ਐੱਨਪੀ ਸਿੰਘ ਪਬਰੀ, ਯੂਥ ਕਾਂਗਰਸ ਘਨੋਰ ਪ੍ਰਧਾਨ ਇੰਦਰਜੀਤ ਸਿੰਘ ਗਿੱਫਟੀ, ਅਮਰੀਕ ਸਿੰਘ, ਪੀਏ ਮੰਗਤ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।

--------

ਮੁਲਜ਼ਮਾਂ ਨੂੰ ਫਾਂਸੀ ਦੇਣ ਦੀ ਮੰਗ

ਪ੍ਰਰੈੱਸ ਕਾਨਫਰੰਸ ਦੌਰਾਨ ਪੁੱਜੇ ਪਿੰਡ ਵਾਸੀਆਂ ਨੇ ਕਿਹਾ ਕਿ ਮਾਸੂਮਾਂ ਦੇ ਕਤਲ ਦੇ ਮਾਮਲੇ 'ਚ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਮਾਸੂਮਾਂ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸੰਤੁਸ਼ਟੀ ਮਹਿਸੂਸ ਕਰਦੇ ਹਨ ਅਤੇ ਅੱਗੇ ਵੀ ਆਸ ਕਰਦੇ ਹਨ ਕਿ ਮਾਸੂਮਾਂ ਦੀ ਆਤਮਾਵਾਂ ਨੂੰ ਸ਼ਾਂਤੀ ਦਿਵਾਉਣ ਲਈ ਮਾਣਯੋਗ ਅਦਾਲਤ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫਾਂਸੀ ਦੇ ਤਖਤੇ 'ਤੇ ਲਟਕਾਏ।