ਭਾਰਤ ਭੂਸ਼ਣ ਗੋਇਲ, ਸਮਾਣਾ : ਸੂਬਾ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਸਮੇਂ ਸਿਰ ਨਾ ਮਿਲਣ ਕਾਰਨ ਲੋਕ ਪਰੇਸ਼ਾਨ ਹਨ। ਜਿਸ ਕਾਰਨ ਕਾਰਨ ਲੋਕਾਂ 'ਚ ਸਰਕਾਰ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ, ਬੇਸ਼ੱਕ ਸਰਕਾਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਸਮੇਂ ਸਿਰ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪੰ੍ਤੂ ਇਸ 'ਚ ਬਹੁਤੀ ਸਚਾਈ ਨਹੀ ਹੈ। ਯੋਜਨਾਵਾਂ ਦਾ ਲਾਭ ਸਮੇਂ ਸਿਰ ਪੁੱਜਦਾ ਨਾ ਹੋਣ ਕਰਕੇ ਇਹ ਯੋਜਨਾਵਾਂ ਠੁੱਸ ਨਜ਼ਰ ਆ ਰਹੀਆਂ ਹਨ ਅਤੇ ਲਾਭ ਸਹੀ ਸਮੇਂ ਲੋਕਾਂ ਤਕ ਨਾ ਮਿਲਣ ਕਰਕੇ ਲੋਕ ਦਫ਼ਤਰਾਂ ਦੇ ਗੇੜੇ ਮਾਰ ਮਾਰ ਥੱਕ ਚੁੱਕੇ ਹਨ।

ਪੰਜਾਬ ਸਰਕਾਰ ਵੱਲੋਂ ਸੂਬੇ 'ਚ ਜਿਨਾਂ੍ਹ ਕੁਝ ਕੁ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਸਮੇਂ ਸਿਰ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਉਨਾਂ੍ਹ 'ਚ ਮੁੱਖ ਰੂਪ 'ਚ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਸਮੇਂ ਦਿੱਤੀ ਜਾਣ ਵਾਲੀ ਯੋਜਨਾਵਾਂ ਸ਼ਗਨ ਸਕੀਮ/ਅਸ਼ੀਰਵਾਦ ਯੋਜਨਾ ਹੈ। ਜਿਸ ਦਾ ਲਾਭ ਪਹਿਲੀ ਸਰਕਾਰ ਨੇ 31 ਹਜ਼ਾਰ ਰੁਪਏ ਕੀਤਾ ਹੋਇਆ ਸੀ ਜੋ ਲਾਭਪਾਤਰੀ ਦੇ ਸਿੱਧੇ ਹੀ ਬੈਂਕ ਖਾਤੇ 'ਚ ਲੜਕੀ ਦੇ ਵਿਆਹ ਉਪਰੰਤ ਕੁਝ ਸਮੇਂ ਬਆਦ ਆ ਜਾਂਦੀ ਸੀ। ਬੇਸ਼ੱਕ ਅੱਜ ਦੇ ਮਹਿੰਗਾਈ ਦੇ ਯੁੱਗ 'ਚ ਇਹ ਰਾਸ਼ੀ ਥੋੜ੍ਹੀ ਹੈ ਪਰ ਇਸ ਨਿਗੁਣੀ ਰਾਸ਼ੀ ਨਾਲ ਲੋੜਵੰਦ ਪਰਿਵਾਰ ਆਪਣੀ ਧੀ ਨੂੰ ਜ਼ਰੂਰਤ ਮੁਤਾਬਿਕ ਘਰੇਲੂ ਸਮਾਨ ਦੇ ਦਿੰਦਾ ਹੈ ਜਾਂ ਫਿਰ ਕਿਸੇ ਤੋਂ ਵਿਆਹ ਕਰਨ ਲਈ ਲਿਆ ਕਰਜ਼ਾ ਮੋੜ ਸਕਦਾ ਹੈ।

ਅਜੋਕੇ ਸਮੇਂ 'ਚ ਸਰਕਾਰ ਦੀ ਇਹ ਯੋਜਨਾ ਫੇਲ੍ਹ ਜਾਪ ਰਹੀ ਹੈ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਸ ਯੋਜਨਾ ਦੀ ਸ਼ਗਨ ਰਾਸ਼ੀ ਨੂੰ ਚੋਣਾਂ ਸਮਂੇ 31 ਹਜ਼ਾਰ ਤੋਂ ਵਧਾਅ ਕੇ 51 ਹਜ਼ਾਰ ਰੁਪਏ ਕਰ ਦਿੱਤਾ ਸੀ ਜਿਸ ਦਾ ਲਾਭ ਮਿਲਣ ਦੀ ਉਡੀਕ 'ਚ ਹਜ਼ਾਰਾਂ ਦੀ ਗਿਣਤੀ ਫਾਈਲਾਂ ਦਫ਼ਤਰਾਂ ਦੀ ਧੂੜ ਫੱਕ ਰਹੀਆਂ ਹਨ।

ਲੰਘੇ ਸਾਲ 2021 ਦੇ ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤਕ ਪੈਸੇ ਨਾ ਮਿਲਣ ਕਰਕੇ ਲੋੜਵੰਦ ਮਾਪੇ ਬੇਹੱਦ ਪੇ੍ਸ਼ਾਨ ਹਨ ਕਿਉਂਕਿ ਉਨਾਂ੍ਹ ਨੂੰ ਇਹ ਆਸ ਸੀ ਕਿ ਵਧੀ ਹੋਈ ਰਾਸ਼ੀ ਸਮੇਂ ਸਿਰ ਮਿਲ ਜਾਵੇਗੀ, ਜਿਸ ਨਾਲ਼ ਉਹ ਆਪਣੀ ਗਰਜ ਪੂਰੀ ਕਰ ਲੈਣਗੇ, ਪਰ ਸਿਵਾਏ ਵਿਭਾਗ ਅਤੇ ਬੈਂਕਾਂ ਦੇ ਗੇੜਿਆਂ ਤੋਂ ਉਨਾਂ੍ਹ ਦੇ ਪੱਲੇ ਕੁਝ ਵੀ ਨਹੀ ਪਿਆ। ਜਿਸ ਕਰਕੇ ਬਿਨਾ ਸਮਾਨ ਦਿੱਤਿਆਂ ਵਿਆਹ ਕਰਕੇ ਤੋਰੀਆ ਧੀਆਂ ਦੀ ਚਿੰਤਾ ਮਾਪਿਆਂ ਨੂੰ ਸਤਾਅ ਰਹੀ ਹੈ।

ਇੱਥੇ ਹੀ ਬੱਸ ਨਹੀ ਇਸ ਯੋਜਨਾ ਨਾਲ ਜੁੜੇ ਅਜਿਹੇ ਵੱਡੀ ਗਿਣਤੀ ਲਾਭਪਾਤਰੀ ਜੋੜੇ ਹਨ ਜਿਨਾਂ੍ਹ ਨੇ ਜਾਤ-ਪਾਤ ਦਾ ਭੇਦ-ਭਾਵ ਖ਼ਤਮ ਕਰਕੇ ਵਿਆਹ ਕਰਵਾਏ ਸੀ, ਅਜਿਹੇ ਲਾਭਪਾਤਰੀ ਜੋੜਿਆਂ ਨੂੰ ਵੀ ਅੰਤਰਜਾਤੀ ਵਿਆਹ ਸਕੀਮ ਤਹਿਤ ਲਾਭ ਮਿਲਣਾ ਸੀ ਜੋ ਖੁਦ ਪਤੀ ਪਤਨੀ ਨੂੰ ਦਿੱਤਾ ਜਾਣਾ ਸੀ ਤਾਂ ਕਿ ਇਸ ਲਾਭ ਦੀ ਪ੍ਰਰਾਪਤ ਰਾਸ਼ੀ ਨਾਲ ਉਹ ਜ਼ਰੂਰਤ ਅਨੁਸਾਰ ਘਰੇਲੂ ਸਮਾਨ ਖਰੀਦ ਸਕਣ ਪਰ ਸਰਕਾਰ ਦਾ ਅਜਿਹੇ ਲਾਭਪਾਤਰੀਆਂ ਵੱਲ ਉੱਕਾ ਹੀ ਧਿਆਨ ਨਹੀ। ਸ਼ਗਨ ਸਕੀਮ ਅਤੇ ਅੰਤਰ ਜਾਤੀ ਵਿਆਹ ਦੌਰਾਨ ਮਿਲਣ ਵਾਲੀ ਸਹਾਇਤਾ ਰਾਸ਼ੀ ਸਬੰਧੀ ਭਲਾਈ ਵਿਭਾਗ ਦੇ ਨਾਲ-ਨਾਲ ਲੇਬਰ ਵਿਭਾਗ ਕੋਲ ਵੀ ਅਪਲਾਈ ਕੀਤਾ ਜਾ ਸਕਦਾ ਹੈ। ਪਿਛਲੇ ਪੰਜ-ਛੇ ਸਾਲਾਂ ਤੋਂ ਅਜਿਹੇ ਲਾਭਪਾਤਰੀਆਂ ਨੂੰ ਅੰਤਰਜਾਤੀ ਵਿਆਹ ਯੋਜਨਾ ਤਹਿਤ ਧੇਲਾ ਨਹੀ ਮਿਲਿਆਂ ਜਦ ਕਿ ਉਹ ਦੋ-ਦੋ ਬੱਚਿਆਂ ਦੇ ਮਾਪੇ ਵੀ ਬਣ ਚੁੱਕੇ ਹਨ। ਇਨ੍ਹ ਯੋਜਨਾਵਾਂ ਤਹਿਤ ਸਰਕਾਰ ਵਲੋਂ ਕਦੋਂ ਵਿਭਾਗਾਂ ਨੂੰ ਫੰਡ ਭੇਜਿਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

--------

ਫੰਡ ਆਉਣ 'ਤੇ ਰਾਸ਼ੀ ਖਾਤਿਆਂ 'ਚ ਪਾਈ ਜਾਵੇਗੀ : ਜ਼ਿਲ੍ਹਾ ਭਲਾਈ ਅਫਸਰ

ਇਸ ਸਬੰਧੀ ਜ਼ਿਲ੍ਹਾ ਭਲਾਈ ਅਫ਼ਸਰ ਪਟਿਆਲਾ ਸੁਖ ਸਾਗਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਦੱਸਿਆ ਕਿ ਸ਼ਗਨ ਸਕੀਮ ਦੇ ਪੈਸੇ ਅਕਤੂਬਰ 2021 ਤੱਕ ਲਾਭਪਾਤਰੀਆਂ ਨੂੰ ਉਨਾਂ੍ਹ ਦੇ ਬੈਂਕ ਖਾਤਿਆਂ ਰਾਹੀ ਮਿਲ ਚੁੱਕੇ ਹਨ ਤੇ ਉਸ ਤੋਂ ਬਆਦ ਦੀ ਰਾਸ਼ੀ ਦਾ ਫੰਡ ਆਉਣ 'ਤੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ।

---------------

ਕੁਝ ਦਿਨ ਪਹਿਲਾਂ ਆਇਆ ਹਾਂ ਦੇਖ ਕੇ ਦੱਸ ਸਕਾਂਗਾ : ਲੇਬਰ ਇੰਸਪੈਕਟਰ

ਲੇਬਰ ਵਿਭਾਗ ਦੇ ਇੰਸਪੈਕਟਰ ਰਾਮ ਸਿੰਘ ਨੇ ਕਿਹਾ ਕਿ ਲੇਬਰ ਵਿਭਾਗ 'ਚ ਲਾਭਪਾਤਰੀਆਂ ਵਿਅਕਤੀਆਂ ਵਲੋਂ ਅਪਲਾਈ ਕੀਤੇ ਸ਼ਗਨ ਸਕੀਮ ਦੇ ਕੇਸਾਂ ਦੇ ਕਈ ਸਾਲਾਂ ਤੋਂ ਪੈਸੇ ਨਾ ਮਿਲਣ ਸਬੰਧੀ ਉਹ ਰਿਕਾਰਡ ਦੇਖ ਕੇ ਦੱਸ ਸਕਦੇ ਹਨ ਕਿਉਂਕਿ ਉਹ ਕੁਝ ਦਿਨ ਪਹਿਲਾ ਹੀ ਬਦਲ ਕੇ ਆਏ ਹਨ।