ਸਟਾਫ ਰਿਪੋਰਟਰ, ਪਟਿਆਲਾ : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਾਇਰ ਕੀਤੇ ਗਏ ਮਾਨਹਾਣੀ ਦੇ ਮਾਮਲੇ 'ਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ ਵਿਚ ਅੱਜ 30 ਹਜ਼ਾਰ ਰੁਪਏ ਦਾ ਮੁਚੱਲਕਾ ਭਰ ਕੇ ਜ਼ਮਾਨਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਮਾਮਲੇ ਵਿਚ ਸੰਮਨ ਨਹੀਂ ਮਿਲੇ ਤੇ ਮੀਡੀਆ ਰਾਹੀਂ ਹੀ ਉਨ੍ਹਾਂ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਮੁੜ ਦੁਹਰਾਇਆ ਕਿ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ 'ਤੇ ਉਹ ਪੂਰੇ ਤਰ੍ਹਾਂ ਡੱਟ ਕੇ ਖੜ੍ਹੇ ਹਨ ਅਤੇ ਅਦਾਲਤ ਵਿਚ ਇਹ ਦੋਸ਼ ਸਾਬਤ ਕਰਨਗੇ।

ਪੰਜਾਬ ਨੂੰ ਪਾਣੀ ਦੀ ਕੀਮਤ ਅਦਾ ਕਰੇ ਕੇਜਰੀਵਾਲ

ਜ਼ਮਾਨਤ ਮਿਲਣ ਤੋਂ ਬਾਅਦ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਨਰਵਾਣਾ ਬ੍ਰਾਂਚ ਰਾਹੀਂ ਪੰਜਾਬ ਤੋਂ ਮਿਲਦੇ ਪਾਣੀ ਦੀ ਕੀਮਤ ਅਦਾ ਕਰ ਕੇ ਆਪਣਾ ਵਚਨ ਨਿਭਾਉਣ।

ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਦਰਮਿਆਨ ਗਠਜੋੜ ਹੋਣ ਮੌਕੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਚ ਪੰਜਾਬ ਨੂੰ ਪਾਣੀ ਦੀ ਕੀਮਤ ਦੇਣ ਦਾ ਵਚਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਵਚਨ ਨਿਭਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੇ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲਈ ਸਾਲਾਨਾ 21 ਕਰੋੜ ਰੁਪਏ ਦੇਣ ਦਾ ਇਕਰਾਰ ਕੀਤਾ ਹੈ ਤੇ ਹਰਿਆਣਾ ਨੂੰ ਵੀ ਉਹ ਪਾਣੀ ਦੀ ਕੀਮਤ ਦੀ ਅਦਾਇਗੀ ਕਰ ਰਿਹਾ ਹੈ, ਅਜਿਹੇ ਵਿਚ ਪੰਜਾਬ ਨੂੰ ਵੀ ਦਿੱਲੀ ਨੂੰ ਦਿੱਤੇ ਜਾ ਰਹੇ 0.2 ਐੱਮਏਐੱਫ ਪਾਣੀ ਦੀ ਕੀਮਤ ਮਿਲਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਮੀਟਿੰਗ ਸੱਦੀ, ਜਿਸ ਵਿਚ ਲੋਕ ਇਨਸਾਫ ਪਾਰਟੀ ਨੂੰ ਇਸ ਕਰ ਕੇ ਨਹੀਂ ਸੱਦਿਆ ਗਿਆ ਕਿ ਉਹ ਪਾਣੀ ਕੀਮਤ ਦਾ ਮੁੱਦਾ ਉਠਾ ਸਕਦੀ ਸੀ ਅਤੇ ਇਸ ਮੀਟਿੰਗ ਵਿਚ ਉਨ੍ਹਾਂ ਨੇ ਟਿ੍ਬਿਊਨਲ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਜੋ ਹਰਿਆਣਾ ਦੇ ਹੱਕ ਵਿਚ ਜਾਂਦਾ ਹੈ, ਇਸੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸਦਾ ਸਵਾਗਤ ਕੀਤਾ।

ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਤੋਂ ਪਾਣੀ ਦੀ ਕੀਮਤ ਪ੍ਰਾਪਤ ਕਰਨ ਲਈ 'ਆਪ' ਦੇ ਪੰਜਾਬ ਦੇ ਪ੍ਰਧਾਨ ਤੇ ਐੱਮਪੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਮਿਲਣ ਵਾਲੀ ਪਾਣੀ ਦੀ ਕੀਮਤ ਦੀ ਰਾਸ਼ੀ ਭਾਵੇਂ ਥੋੜੀ ਹੈ ਪਰ ਇਸਦੇ ਮਿਲਣ ਨਾਲ ਰਾਜਸਥਾਨ ਤੇ ਹਰਿਆਣਾ ਤੋਂ ਵੀ ਪਾਣੀ ਦੀ ਕੀਮਤ ਵਸੂਲਣ ਦਾ ਰਾਹ ਪੱਧਰਾ ਹੋ ਜਾਵੇਗਾ।