ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦੇ ਚੋਥਾ ਦਰਜਾ ਕਰਮਚਾਰੀਆਂ ਨੇ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਰਕਾਰ ਪੰਜਾਬ ਦੇ ਛੇਵੇਂ ਵੇਤਨ ਕਮਿਸ਼ਨ ਵੱਲੋਂ ਸਿਫਾਰਸ਼ ਕੀਤੇ ਤਨਖਾਹ ਸਕੇਲ ਅਤੇ ਭੱਤੇ ਲਾਗੂ ਕੀਤੇ ਜਾਣ, ਪੰਜ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ 143 ਮਹੀਨਿਆਂ ਦਾ ਬਕਾਇਆ ਜਾਰੀ ਕੀਤੀ ਜਾਵੇ। ਨਹੀਂ ਤਾ ਮੁਲਾਜ਼ਮਾਂ ਵਲੋਂ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਦਰਜ਼ਾ ਚਾਰ ਯੂਨੀਅਨ ਦੇ ਪ੍ਰਧਾਨ ਰਾਮ ਕਿਸ਼ਨ ਨੇ ਦੱਸਿਆ ਕਿ ਖੋਜ ਮੈਡੀਕਲ ਤੇ ਸਿੱਖਿਆ ਵਿਚਲੇ ਕੰਟਰੈਕਟ ਤੇ ਆਊਟ ਸੋਰਸ ਕਰਮਚਾਰੀ ਪਿਛਲੇ ਲੰਮੇਂ ਸਮੇਂ ਤੋਂ ਕੱਚੀਆਂ ਅਸਾਮੀਆਂ ਤੇ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਨੂੰ ਸਰਕਾਰ ਵਲੋਂ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ। ਇਸ ਦੇ ਨਾਲ ਹੀ 50 ਸਾਲ ਦੀ ਉਮਰ ਵਾਲੇ ਚੋਥਾ ਦਰਜਾ ਕਰਮਚਾਰੀ ਨੂੰ ਕੋਰੋਨਾ ਵਾਰਡ ਵਿਚ ਨਾ ਲਾਇਆ ਜਾਵੇ। ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ, ਟੀਬੀ ਹਸਪਤਾਲ ਤੇ ਡੈਂਟਲ ਕਾਲਜ ਵਿੱਚ ਚੌਥਾ ਦਰਜਾ ਕਰਮਚਾਰੀਆਂ ਦੀਆਂ ਸੈਕੜੇ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਰਤੀ ਕੀਤੀ ਜਾਵੇ। ਭਰਤੀ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਤੋਂ ਵਾਪਸ ਲੈ ਕੇ ਵਿਭਾਗੀ ਤੌਰ 'ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੁਲਭ ਸੰਸਥਾ ਵੱਲੋਂ ਸਫਾਈ ਕਾਮਿਆਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਖਤਮ ਕਰਵਾਕੇ ਘੱਟੋਘੱਟ ਉਜਰਤਾ ਲਾਗੂ ਕੀਤੇ ਜਾਣ ਦੀ ਮੰਗ ਕੀਤੀੇ। ਇਸੇ ਤਰ੍ਹਾਂ ਰਜਿੰਦਰਾ ਹਸਪਤਾਲ ਵਿੱਚ ਵੱਖਵੱਖ ਵਿਭਾਗਾਂ ਦੀਆਂ ਉਸਾਰੀਆਂ ਇਮਾਰਤਾਂ ਵਿਚ ਰੈਗੂਲਰ ਚੌਥਾ ਦਰਜਾ ਕਰਮਚਾਰੀਆਂ ਦੀ ਅਸਾਮੀਆਂ ਦੀ ਰਚਨਾ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੌਲੱਖਾ, ਰਾਮ ਲਾਲ ਰਾਮਾ, ਸਵਰਨ ਸਿੰਘ ਬੰਗਾ, ਜਗਜੀਤ ਸਿੰਘ ਲੱਡੂ, ਇੰਦਰਪਾਲ ਵਾਲਿਆ, ਕਾਕਾ ਸਿੰਘ, ਉਂਕਾਰ ਸਿੰਘ, ਨਰਿੰਦਰ ਕੁਮਾਰ, ਅਜੈ ਕੁਮਾਰ ਸਿੱਪਾ, ਮੁਕੇਸ਼ ਕੁਮਾਰ, ਰਾਕੇਸ਼ ਕਲਿਆਣ, ਕੁਲਵਿੰਦਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਅਮਿ੍ਤਪਾਲ, ਰਮਨ ਕੁਮਾਰ, ਅਮਰਜੀਤ ਸਿੰਘ, ਲਾਭ ਸਿੰਘ, ਸ਼ਾਮ ਸਿੰਘ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।