ਪੱਤਰ ਪ੍ਰਰੇਰਕ, ਰਾਜਪੁਰਾ : ਭਾਜਪਾ ਦੇ ਸੂਬਾਈ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਕਿਸਾਨ ਭਰਾਵਾਂ ਦੇ ਹੱਕ ਵਿਚ ਹਨ ਤੇ ਇਸ ਸਬੰਧੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਲਤ ਬਿਆਨਬਾਜ਼ੀ ਕਰ ਕੇ ਪੰਜਾਬ ਸੂਬੇ ਦੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਇਨ੍ਹਾਂ ਆਰਡੀਨੈਂਸਾਂ ਤਹਿਤ ਕਿਸਾਨ ਆਪਣੀ ਫਸਲ ਨੂੰ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਸੂਬੇ ਵਿਚ ਬਿਨ੍ਹਾਂ ਕਿਸੇ ਟੈਕਸ ਦੇ ਵੇਚ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਅਨਾਜ ਦੀ ਐੱਫਸੀਆਈ ਅਤੇ ਵੱਖ-ਵੱਖ ਏਜੰਸੀਆਂ ਦੇ ਰਾਹੀ ਸਰਕਾਰੀ ਖ੍ਰੀਦ ਅਤੇ ਐਮਐਸਪੀ ਜਾਰੀ ਰਹੇਗੀ। ਇਸ ਮਾਮਲੇ ਸਬੰਧੀ ਕਿਸਾਨ ਭਰਾਵਾਂ 'ਚ ਜਿਹੜੀਆਂ ਵੀ ਗਲਤ ਫਹਿਮੀਆਂ ਹਨ ਨੂੰ ਜਲਦ ਦੂਰ ਕੀਤਾ ਜਾਵੇਗਾ। ਉਹ ਅੱਜ ਰਾਜਪੁਰਾ ਵਿਖੇ ਭਾਜਪਾ ਜ਼ਿਲਾ ਪਟਿਆਲਾ ਉਤਰੀ ਦੇ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਰੱਖੀ ਗਈ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਥੇ ਆਪਣੀ ਚੋਣ ਮੈਨੀਫੈਸਟੋ ਦੌਰਾਨ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਕਰਨਾ, ਕਿਸਾਨਾਂ ਦਾ ਕਰਜ਼ਾਂ ਮੁਆਫ, ਭੂ ਤੇ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਸਮੇਤ ਕਈ ਵਾਅਦਿਆਂ ਤੋਂ ਮੁਨਕਰ ਹੋਈ ਹੈ ਉਥੇ ਅੱਜ ਕਾਂਗਰਸ ਸਰਕਾਰ ਦੇ ਰਾਜ 'ਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਦੇ ਰਾਜ਼ 'ਚ ਨਸ਼ਾ ਘਟਣ ਦੀ ਥਾਂ ਵਧਿਆ ਹੈ। ਇਸ ਸਬੰਧੀ ਵਿੱਤ ਮੰਤਰੀ ਖੁਦ ਮੰਨ ਰਹੇ ਹਨ ਕਿ ਪੰਜਾਬ ਸੂਬੇ ਅੰਦਰ 5600 ਰੁਪਏ ਦੇ ਰੈਵੀਨਿਊ ਦਾ ਘਾਟਾ ਪਿਆ ਹੈ। ਇਸ ਮੌਕੇ ਬਲਬੀਰ ਸਿੰਘ ਮੰਗੀ, ਗੋਲਡੀ ਸ਼ਰਮਾ, ਜਰਨੈਲ ਸਿੰਘ ਪਿਲਖਣੀ, ਲੱਕੀ ਤਲਵਾੜ, ਬਲਵਿੰਦਰ ਚਹਿਲ, ਪ੍ਰਦੀਪ ਨੰਦਾ, ਅਜੈ ਚੌਧਰੀ ਆਦਿ ਹਾਜ਼ਰ ਸਨ।