ਸਟਾਫ ਰਿਪੋਰਟਰ, ਪਟਿਆਲਾ : ਜ਼ਿਲ੍ਹੇ ਵਿਚ ਦੋ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋਂ ਦੇਰ ਰਾਤ 12 ਸੈਂਪਲਾ ਦੀ ਪ੍ਰਰਾਪਤ ਹੋਈ ਰਿਪੋਰਟ ਵਿਚ 10 ਸੈਂਪਲ ਨੈਗੇਟਿਵ ਅਤੇ 2 ਕੋਵਿਡ ਪੋਜਟਿਵ ਪਾਏ ਗਏ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਿੰਡ ਅਰਨੋ ਤਹਿਸੀਲ ਪਾਤੜਾਂ ਦੀ ਰਹਿਣ ਵਾਲੀ 7 ਸਾਲਾ ਲੜਕੀ 28 ਮਈ ਨੂੰ ਮੁਬੰਈ ਤੋਂ ਪਰਿਵਾਰ ਸਮੇਤ ਵਾਪਸ ਪਿੰਡ ਵਾਪਿਸ ਆਈ ਸੀ ਦਾ ਬਾਹਰੀ ਰਾਜ ਤੋਂ ਆਉਣ ਕਾਰਣ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋਕਿ ਕੋਵਿਡ ਪੋਜਟਿਵ ਪਾਈ ਗਈ ਹੈ। ਦੂਸਰਾ ਪੋਜਟਿਵ ਵਿਅਕਤੀ ਪਿੰਡ ਬਾਹਮਣਾ ਪੱਤੀ, ਸਮਾਣਾ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਹੈ, ਜੋ ਕਿ ਰਾਈਸ ਸ਼ੈਲਰ ਵਿਚ ਟੱਰਕ ਡਰਾਈਵਰ ਹੈ ਅਤੇ ਉਹ ਓਟ ਕਲੀਨਿਕ ਆਪਣੀ ਦਵਾਈ ਲੈਣ ਆਇਆ ਸੀ ਅਤੇ ਗਾਈਡ ਲਾਈਨਜ ਅਨੁਸਾਰ ਉਸ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਤੇ ਕੋਵਿਡ ਪੋਜਟਿਵ ਆਇਆ ਹੈ।ਉਹਨਾਂ ਦੱਸਿਆ ਕਿ ਪੋਜਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਤਰਾਂ ਜਿਲੇ ਵਿਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 129 ਹੋ ਗਈ ਹੈ। ਉਹਨਾਂ ਦੱਸਿਆ ਕਿ ਅੱਜ ਬਾਹਮਣਾ ਪੱਤੀ ਦੇ ਪੋਜਟਿਵ ਆਏ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ ਚਾਰ ਵਿਅਕਤੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਬਾਕੀ ਦੇ ਸੰਪਰਕਾ ਦੀ ਭਾਲ ਅਜੇ ਜਾਰੀ ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 339 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ,ਜਿਹਨਾਂ ਦੀ ਰਿਪੋਰਟ ਵੀਰਵਾਰ ਨੂੰ ਆਵੇਗੀ। ਹੁਣ ਤੱਕ ਕੋਵਿਡ ਜਾਂਚ ਸਬੰਧੀ 6296 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ 129 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 5507 ਨੈਗਟਿਵ ਅਤੇ 660 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 109 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 18 ਹੈ ।

ਡੱਬੀ

ਕੋਰੋਨਾਂ ਪੀੜਤਾਂ 'ਚ 31 ਤੋਂ 45 ਸਾਲ ਦੇ ਵੱਧ ਗਿਣਤੀ

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਹੁਣ ਤੱਕ ਪੋਜਟਿਵ ਆਏ 129 ਕੇਸਾਂ ਦੇ ਉਮਰ ਮੁਲਾਂਕਣ ਕਰਨ 'ਤੇ ਪਤਾ ਲਗਦਾ ਹੈ ਕਿ ਜਿਲੇ ਵਿਚ 0 ਤੋਂ 15 ਸਾਲ ਤੱਕ ਦੇ 14 ਬੱਚੇ, 16 ਤੋਂ 30 ਸਾਲ ਤੱਕ ਦੇ 33ਨੌਜਵਾਨ , 31 ਤੋਂ 45 ਸਾਲ ਤੱਕ ਦੇ 34 ਵਿਅਕਤੀ , 45 ਤੋਂ 60 ਸਾਲ ਤੱਕ ਦੇ 32 ਵਿਅਕਤੀ ਅਤੇ 60 ਸਾਲ ਤੋਂ ਜਿਆਦਾ ਉਮਰ ਦੇ 16 ਬਜੁਰਗ ਕੋਵਿਡ ਤੋਂ ਪ੍ਰਭਾਵਤ ਹੋਏ ਹਨ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ ਵਲੋਂ ਇਹਨਾਂ ਮਰੀਜਾਂ ਦੀ ਚੰਗੀ ਦੇਖਭਾਲ ਅਤੇ ਇਲਾਜ ਸੇਵਾਵਾਂ ਕਾਰਨ 109 ਮਰੀਜ ਕਰੋਨਾ ਤੋਂ ਠੀਕ ਹੋਕੇ ਆਪਣੇ ਘਰਾਂ ਨੂੰ ਚੱਲੇ ਗਏ ਹਨ ਅਤੇ ਬਾਕੀ ਇਲਾਜ ਅਧੀਨ ਹਨ।