ਪਟਿਆਲਾ : ਹਲਕੀ ਬਾਰਿਸ਼ ਤੇ ਤੇਜ਼ ਹਵਾ ਨਾਲ ਸੂਬੇ ਦੀ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸ਼ਨਿਚਰਵਾਰ ਨੂੰ ਸੁਬੇ ਦੇ ਸਾਰੇ ਸ਼ਹਿਰਾਂ ਦਾ ਏਕਿਊਆਈ 200 ਤੋਂ ਘੱਟ ਰਿਹਾ, ਜਿਹੜਾ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਸ਼ੁੱਕਰਵਾਰ ਨੂੰ ਜਿੱਥੇ ਏਕਿਊਆਈ 216 ਦੇ ਨਾਲ ਪਟਿਆਲਾ ਸੂਬੇ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸੀ, ਉੱਥੇ ਸ਼ਨਿਚਰਵਾਰ ਨੂੰ 104 ਅੰਕ ਘੱਟ ਹੋ ਕੇ 112 ਰਿਕਾਰਡ ਕੀਤਾ ਗਿਆ। ਸ਼ਨਿਚਰਵਾਰ ਨੂੰ ਏਕਿਊਆਈ 159 ਦੇ ਨਾਲ ਲੁਧਿਆਣਾ ਸੂਬੇ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਿਹਾ, ਜਦਕਿ 103 ਦੇ ਨਾਲ ਬਠਿੰਡੇ ਦੀ ਹਵਾ ਸਭ ਤੋਂ ਬਿਹਤਰ ਰਹੀ। ਮਾਹਿਰਾਂ ਦੀ ਮੰਨੀਏ ਤਾਂ ਹਲਕੀ ਬਾਰਿਸ਼ ਤੇ ਤੇਜ਼ ਹਵਾ ਦੇ ਕਾਰਨ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਆਈ ਹੈ। ਪਰਾਲੀ ਸਾੜਨ ਦੇ ਕੇਸਾਂ 'ਚ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਗਿਰਾਵਟ ਆਈ। ਉਸੇ ਕਾਰਨ ਇਸਦਾ ਅਸਰ ਹਵਾ 'ਚ ਦੇਖਣ ਨੂੰ ਮਿਲ ਰਿਹਾ ਹੈ। ਅਗਲੇ ਦਿਨਾਂ 'ਚ ਹੋਰ ਸੁਧਾਰ ਦੀ ਉਮੀਦ ਹੈ।


ਤੇਜ਼ ਹਵਾ ਤੇ ਬਾਰਿਸ਼ ਨਾਲ ਮਿਲੀ ਰਾਹਤ: ਗਰਗ

ਪੀਪੀਸੀਬੀ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਸੂਬੇ 'ਚ ਤੇਜ਼ ਹਵਾ ਤੇ ਹਲਕੀ ਬਾਰਿਸ਼ ਨਾਲ ਸੁਧਾਰ ਦਰਜ ਕੀਤਾ ਗਿਆ ਹੈ। ਝੋਨੇ ਦੀ ਕਟਾਈ ਦਾ ਸੀਜ਼ਨ ਵੀ ਲਗਪਗ ਖ਼ਤਮ ਹੋ ਚੁੱਕਾ ਹੈ ਤੇ ਪਿਛਲੇ ਦਿਨਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਕੇਸਾਂ 'ਚ ਵੀ ਕਮੀ ਆਈ ਹੈ। ਉਸੇ ਦਾ ਅਸਰ ਦਿਸ ਰਿਹਾ ਹੈ।

Posted By: Jagjit Singh