ਅਸ਼ਵਿੰਦਰ ਸਿੰਘ, ਬਨੂੜ : ਬਨੂੜ ਮੰਡੀ ਵਿਚੋਂ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਕਿਸੇ ਵੀ ਏਜੰਸੀ ਵੱਲੋਂ ਲਿਫ਼ਟਿੰਗ ਆਰੰਭ ਨਾ ਕੀਤੇ ਜਾਣ ਕਾਰਨ ਮੰਡੀ ਵਿਚ ਕਣਕ ਵੇਚਣ ਆ ਰਹੇ ਕਿਸਾਨਾਂ ਨੂੰ ਕਣਕ ਸੁੱਟਣ ਲਈ ਵੀ ਦਿੱਕਤਾਂ ਆ ਰਹੀਆਂ ਹਨ।

ਜਾਣਕਾਰੀ ਅਨੁਸਾਰ ਮੰਡੀ 'ਚੋਂ ਪਨਗਰੇਨ, ਵੇਅਰਹਾਊਸ ਅਤੇ ਮਾਰਕਫ਼ੈੱਡ ਵੱਲੋਂ 12 ਅਪ੍ਰਰੈਲ ਤਕ 36 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਖਰੀਦੀ ਗਈ ਹੈ। ਮੰਡੀ ਵਿਚ 80 ਹਜ਼ਾਰ ਦੇ ਕਰੀਬ ਬੋਰੀਆਂ ਕਣਕ ਦੀਆਂ ਭਰੀਆਂ ਪਈਆਂ ਹਨ, ਜੋ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਹਨ।

ਕਿਸਾਨਾਂ ਤਰਲੋਚਨ ਸਿੰਘ, ਗੁਰਵੀਰ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਕਣਕ ਉਤਾਰਨ ਅਤੇ ਟਰੈਕਟਰ ਟਰਾਲੀ ਮੋੜਨ ਲਈ ਮੰਡੀ ਵਿਚ ਥਾਂ ਨਹੀਂ ਹੈ। ਕਿਸਾਨਾਂ ਨੇ ਆਖਿਆ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਇੱਥੇ ਲਿਫ਼ਟਿੰਗ ਆਰੰਭ ਕਰਾਈ ਜਾਵੇ। ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਡੀ ਬੋਰਡ ਵੱਲੋਂ ਭੇਜੇ ਜਾਂਦੇ ਪਾਸ ਵਧਾਏ ਜਾਣ ਦੀ ਵੀ ਮੰਗ ਕੀਤੀ ਹੈ।

ਉਧਰ, ਅੱਜ ਤੀਜੇ ਦਿਨ ਐੱਫ਼ਸੀਆਈ ਨੇ ਬਿਨਾਂ ਸ਼ਰਤ ਕਣਕ ਦੀ ਖਰੀਦ ਕੀਤੀ। ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਸਕੱਤਰ ਇੰਦਰਜੀਤ ਸਿੰਘ, ਲੇਖਕਾਰ ਬਲਬੀਰ ਸਿੰਘ ਅਤੇ ਆਕਸ਼ਨ ਰਿਕਾਰਡਰ ਗੁਰਮੀਤ ਸਿੰਘ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਨੇ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਆਏ ਨਵੇਂ ਪੱਤਰ ਵਿੱਚ ਸਾਰੀਆਂ ਸ਼ਰਤਾਂ ਵਾਪਸ ਲੈਣ ਮਗਰੋਂ ਐੱਫ਼ਸੀਆਈ ਨੇ ਬਨੂੜ ਮੰਡੀ ਵਿਚ ਅੱਜ 12 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਖਰੀਦੀ ਹੈ।

--------------

ਖੇੜਾ ਗੱਜੂ ਮੰਡੀ 'ਚ ਨਹੀਂ ਹੋਈ ਖ਼ਰੀਦ

ਅੱਜ ਖੇੜਾ ਗੱਜੂ ਮੰਡੀ ਵਿਚ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡੀ ਵਿਚ 10 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਵਿਕਰੀ ਦੀ ਉਡੀਕ ਕਰ ਰਹੀ ਹੈ। ਕਣਕ ਵੇਚਣ ਆਏ ਕਿਸਾਨਾਂ ਭੂਪਿੰਦਰ ਸਿੰਘ ਨੰਡਿਆਲੀ, ਜਸਬੀਰ ਸਿੰਘ ਨਰੈਣਾਂ, ਬਲਦੇਵ ਸਿੰਘ ਅਬਰਾਵਾਂ ਨੇ ਆਖਿਆ ਕਿ ਇੱਥੇ ਨਾ ਕੋਈ ਬਾਰਦਾਨਾ ਹੈ ਤੇ ਨਾ ਹੀ ਕੋਈ ਕਣਕ ਖਰੀਦ ਰਿਹਾ ਹੈ।