ਹਰਿੰਦਰ ਸ਼ਾਰਦਾ,ਪਟਿਆਲਾ - ਸ੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦਾ ਆਗਾਜ਼ ਕੀਤਾ ਗਿਆ। ਸਮਾਗਮ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ,ਸਾਬਕਾ ਐਪੀ ਐਚਐਸ ਹੰਸਪਾਲ,ਸੁੱਖ ਧਾਲੀਵਾਲ ਐੱਮ ਪੀ ਕੈਨੇਡਾ,ਪ੍ਰਸਿੱਧ ਸਾਹਿਤਕਾਰ ਕਰਨੈਲ ਸਿੰਘ ਸੇਖਾ,ਰਾਜਕੁਮਾਰੀ ਅਨੀਤਾ ਸਿੰਘ,ਪਦਮ ਸ੍ਰੀ ਸੁਰਜੀਤ ਪਾਤਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਸਮਾਗਮ ਦੀ ਅਗਵਾਈ ਹਰਜੋਤ ਸਿੰਘ ਡਾਇਰੈਕਟਰ ਹਰਜੋਤ ਸਿੰਘ ਵੱਲੋਂ ਕੀਤੀ ਗਈ। ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਡਾ. ਬੀਐੱਸ ਘੁੰਮਣ ਨੇ ਪ੍ਰਵਾਸੀ ਪੰਜਾਬੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਜਿਵੇਂ ਪਰਵਾਸੀ ਪੰਜਾਬੀ, ਕਵਿਤਾ ਕਹਾਣੀ, ਮਿੰਨੀ ਕਹਾਣੀ,ਨਾਟਕ ਵਾਰਤਕ,ਜੀਵਨੀ ਸਵੈ ਜੀਵਨੀ ,ਸਫਰਨਾਮਾ,ਆਲੋਚਨਾ, ਪ੍ਰਵਾਸੀ ਪੰਜਾਬੀ ਰੰਗਮੰਚ,ਪੱਤਰਕਾਰੀ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਸਾਹਿਤ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਉਪਰੰਤ ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਪੰਜਾਬੀ ਯੂਨੀਵਰਸਿਟੀ ਵੱਲੋਂ ਅੱਠਵੀਂ ਪੰਜਾਬੀ ਵਿਸ਼ਵ ਸਾਹਿਤ ਕਾਨਫ਼ਰੰਸ ਰਾਹੀਂ ਦੇਸ਼ ਭਰ ਦੇ ਸਾਹਿਤਕਾਰ ਹੀ ਨਹੀਂ ਦੁਨੀਆਂ ਭਰ ਦੇ ਸਾਹਿਤਕਾਰਾਂ ਨੂੰ ਇੱਕੋ ਮੰਚ ਤੇ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ । ਇਸ ਕਾਨਫ਼ਰੰਸ ਵਿੱਚ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ,ਜਾਪਾਨ ਨਾਰਵੇ, ਬੈਂਕਾਕ ਤੋਂ ਉੱਘੇ ਪੰਜਾਬੀ ਸਾਹਿਤਕਾਰ ਆਲੋਚਕ ਅਤੇ ਸਰੋਤੇ ਪੁੱਜੇ ।ਇਨ੍ਹਾਂ ਤੋਂ ਇਲਾਵਾ 'ਮੈਂ ਤੇ ਮੇਰਾ ਅਨੁਭਵ' ,ਸੰਗੀਤਕ ਸ਼ਾਮ ਤੇ ਪ੍ਰਵਾਸੀ ਕਵੀ ਦਰਬਾਰ ਇਸ ਕਾਨਫਰੰਸ ਦਾ ਮੁੱਖ ਹਿੱਸਾ ਰਹੇ।