ਅੰਮ੍ਰਿਤਪਾਲ ਵਿਰਕ/ਨਵਦੀਪ ਢੀਂਗਰਾ, ਸ਼ੰਭੂ : ਦਿੱਲੀ ਜਾਣ 'ਤੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਪੁਲਿਸ ਵੱਲੋਂ ਲਾਏ ਗਏ ਬੈਰੀਕੇਡ ਤੋੜ ਦਿੱਤੇ ਗਏ ਹਨ। ਇਸ ਨਾਲ ਪੁਲਿਸ ਤੇ ਕਿਸਾਨਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ। ਬਾਅਦ 'ਚ ਪੁਲਿਸ ਨੇ ਕਿਸਾਨਾਂ ਨੂੰ ਪੈਦਲ ਅੱਗੇ ਵਧਣ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਕਰੀਬ 11 ਵਜੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਘੱਗਰ ਪੁਲ ਉੱਪਰ ਕਿਸਾਨਾਂ ਵੱਲ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਪਰ ਕਿਸਾਨਾਂ ਨੇ ਘੱਗਰ ਪੁਲ਼ ਦੇ ਵਿਚਕਾਰ ਖੜ੍ਹੇ ਕੀਤੇ ਬੈਰੀਕੇਡਾਂ ਨੂੰ ਦਰਿਆ 'ਚ ਸੁੱਟ ਦਿੱਤਾ ਤੇ ਪੁਲਿਸ ਵਾਹਨਾਂ ਨੂੰ ਪਾਰ ਕਰਦਿਆਂ ਘੱਗਰ ਦੇ ਦੂਸਰੇ ਕੰਢੇ ਪੁੱਜ ਗਏ।

ਸੰਗਤਪੁਰਾ ਬਾਰਡਰ 'ਤੇ ਬੈਰੀਕੇਡ ਤੋੜ ਕੇ ਕਿਸਾਨ ਹਰਿਆਣਾ 'ਚ ਵੜੇ

ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਪਰ ਸਬ ਡਵੀਜ਼ਨ ਪਾਤੜਾਂ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਅਖੀਰਲੇ ਪਿੰਡ ਅਰਨੋ ਦੇ ਨਜ਼ਦੀਕ ਸੰਗਤਪੁਰਾ ਬਾਰਡਰ 'ਤੇ ਬੈਰੀਕੇਡਾਂ ਨੂੰ ਤੋੜ ਕੇ ਵੱਡੀ ਗਿਣਤੀ 'ਚ ਕਿਸਾਨ ਹਰਿਆਣਾ 'ਚ ਪ੍ਰਵੇਸ਼ ਕਰ ਗਏ ਹਨ। ਜਾਣਕਾਰੀ ਮੁਤਾਬਿਕ ਹਰਿਆਣਾ ਸਰਕਾਰ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ 'ਤੇ ਖਨੌਰੀ ਬਾਰਡਰ ਦੇ ਨਜ਼ਦੀਕ ਪਿੰਡ ਦਾਤਾ ਸਿੰਘ ਵਾਲੇ ਕੋਲ ਸਖ਼ਤ ਨਾਕੇਬੰਦੀ ਕੀਤੀ ਗਈ ਪਰ ਅਚਾਨਕ ਕਿਸਾਨ ਜਥੇਬੰਦੀਆਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਹਰਿਆਣਾ ਸਰਕਾਰ ਨੂੰ ਝਕਾਨੀ ਦਿੰਦਿਆਂ ਅਚਾਨਕ ਰੂਟ ਬਦਲ ਦਿੱਤਾ ਅਤੇ ਕੈਥਲ ਕਰਨਾਲ ਦੇ ਰਸਤੇ ਦਿੱਲੀ ਵੱਲ ਕੂਚ ਕਰਦਿਆਂ ਪੰਜਾਬ ਦੇ ਕਰੀਬ ਟਰਾਲੀਆਂ ਤੇ ਬਹੁਤ ਸਾਰੀਆਂ ਗੱਡੀਆਂ ਵਿੱਚ ਸ਼ਾਮਲ ਕਿਸਾਨਾਂ ਨੇ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਤੇ ਸੂਰਤ ਸਿੰਘ ਧਰਮਕੋਟ ਦੀ ਅਗਵਾਈ ਵਿੱਚ ਸੰਗਤਪੁਰਾ ਬਾਰਡਰ ਵਿਖੇ ਬੈਰੀਕੇਟਾਂ ਨੂੰ ਤੋੜਨ ਦੇ ਨਾਲ ਨਾਲ ਖੇਤਾਂ ਰਾਹੀਂ ਹਰਿਆਣਾ ਵਿਚ ਐਂਟਰੀ ਕਰ ਦਿੱਤੀ।ਜਦੋਂ ਤਕ ਕੈਥਲ ਪੁਲਿਸ ਸਮਝਦੀ ਕਿਸਾਨ ਹਰਿਆਣਾ ਅੰਦਰ ਕਾਫ਼ੀ ਦੂਰ ਤਕ ਪਹੁੰਚਣ ਵਿਚ ਸਫਲ ਹੋ ਗਏ। ਕਿਸਾਨ ਆਗੂ ਮੌਲਵੀਵਾਲਾ ਅਤੇ ਧਰਮਕੋਟ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਅੜੀਅਲ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ ਪਰ ਕਿਸਾਨ ਦਿੱਲੀ ਜਾ ਕੇ ਹੀ ਦਮ ਲੈਣਗੇ।

- ਦਿੱਲੀ ਪੁਲਿਸ ਨੇ 'ਆਪ' ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ, ਜਗਦੇਵ ਕਮਾਲੂ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਿਰਾਸਤ 'ਚ ਲੈ ਲਿਆ ਹੈ। ਕਿਸਾਨਾਂ ਦੇ ਹੱਕ 'ਚ ਦਿੱਲੀ 'ਚ ਰੋਸ ਮੁਜ਼ਾਹਰਾ ਕਰ ਰਹੇ ਸਨ।

- ਅੰਦੋਲਨਕਾਰੀ ਕਿਸਾਨ ਸ਼ੰਭੂ ਬਾਰਡਰ ਕ੍ਰਾਸ ਕਰਨ 'ਚ ਹੋਏ ਸਫ਼ਲ

ਕਿਸਾਨ ਹਰਿਆਣਾ ਦੀ ਸਰਹੱਦ 'ਚ ਦਾਖਲ ਹੋਏ। ਹਰਿਆਣਾ ਦੀ ਸਰਹੱਦ 15 ਤੋਂ 20 ਟਰਾਲੀਆਂ ਕਿਸਾਨਾਂ ਦੀਆਂ ਪਹੁੰਚੀਆਂ। ਇੱਥੇ ਉਨ੍ਹਾਂ ਨੂੰ ਰੋਕਣ ਲਈ ਅੱਗੇ ਵੀ ਹਰਿਆਣਾ ਪੁਲਿਸ ਤਾਇਨਾਤ ਹੈ। ਦੋਵਾਂ ਧਿਰਾਂ 'ਚ ਤਣਾਅ ਜਾਰੀ ਹੈ।

ਫਿਲਹਾਲ ਕਿਸਾਨ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਮੌਜੂਦ ਹਨ।

ਕਿਸਾਨਾਂ ਦੇ ਹੱਕ 'ਚ ਬੋਲੇ ਕੈਪਟਨ

ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਕੂਚ ਕਰ ਰਹੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਵਧਦਾ ਹੀ ਜਾ ਰਿਹਾ ਹੈ। ਸ਼ੰਭੂ ਬਾਰਡਰ 'ਤੇ ਦੱਬ ਕੇ ਹੰਗਾਮਾ ਹੋਇਆ, ਜਿਸ ਦੇ ਚੱਲਦਿਆਂ ਪੁਲਿਸ ਨੇ ਗੈਸ ਦੇ ਗੋਲੇ ਛੱਡੇ। ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ, 'ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ? ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਖ਼ਿਲਾਫ਼ ਕ੍ਰੂਰ ਬਲ ਦਾ ਇਸਤੇਮਾਲ ਕਰਨ ਅਲੋਕਤ੍ਰਾਂਤਿਕ ਤੇ ਅਸੰਵੈਧਾਨਿਕ ਹੈ।

- ਸ਼ੰਭੂ ਬਾਰਡਰ 'ਤੇ ਅਜੇ ਤਕ ਮਾਹੌਲ ਤਣਾਅਪੂਰਨ ਹੈ, ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਵਾਟਰ ਗੰਨ ਬੰਦ ਕਰ ਦਿੱਤੀ ਹੈ ਉਹ ਕਿਸੇ ਵੀ ਹਾਲ 'ਚ ਲਾਠੀਚਾਰਜ ਨਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

- ਦੂਜੇ ਪਾਸੇ ਕਿਸਾਨਾਂ ਨੇ ਸਮਾਣਾ ਤੇ ਅਜੀਮਗੜ੍ਹ 'ਚ ਪੁਲਿਸ ਵੱਲ਼ੋਂ ਨਾਕੇ ਤਿੰਨ ਥਾਂ ਤੋੜੇ ਗਏ। ਹਰਿਆਣਾ ਪੁਲਿਸ ਨੇ ਪਟਿਆਲਾ ਨੇੜੇ ਸ਼ੰਭੂ ਬਾਰਡਰ 'ਤੇ ਅਜੀਮਗੜ੍ਹ ਤੇ ਧਰਮਹੇੜੀ ਸਰਹੱਦਾਂ ਸੀਲ ਕਰ ਦਿੱਤੀਆਂ ਸੀ। ਅਜੀਮਗੜ੍ਹ ਤੇ ਸਮਾਨਾ ਬਾਰਡਰ 'ਤੇ ਕਿਸਾਨਾਂ ਨੇ ਬੈਰੀਕੇਟਸ ਤੋੜ ਦਿੱਤੇ। ਪੁਲਿਸ ਨਾਲ ਹਲਕੀ ਝੜਪ ਤੋਂ ਬਾਅਦ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ। ਸ਼ੰਭੂ ਬਾਰਡਰ 'ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਸਵੇਰੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਪੁਲਿਸ ਨੇ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਸੀ।

- ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨਾਲ ਟਕਰਾਅ ਵਾਲੀ ਸਥਿਤੀ ਨਾ ਬਣਾਈ ਜਾਵੇ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਕੇ ਬੇਨਤੀ ਕੀਤੀ ਹੈ ਕਿ ਦੇਸ਼ ਦੇ ਅੰਨਦਾਤਾ ਨਾਲ ਧੱਕਾ ਨਾ ਕੀਤਾ ਜਾਵੇ।

Posted By: Amita Verma