ਭਾਰਤ ਭੂਸ਼ਣ ਗੋਇਲ, ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਰੋਸ 'ਚ ਸ਼ਾਮਲ ਹੈ, ਉਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਵਿਖਾਵਿਆਂ ਦੀ ਹਮਾਇਤ 'ਚ ਪੰਜਾਬ ਪੁੱਜ ਰਹੇ ਹਨ।

ਲਾਲ ਸਿੰਘ ਅੱਜ ਸਮਾਣਾ ਦੀ ਅਨਾਜ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕਰਵਾਏ ਇਕ ਵਿਸ਼ੇਸ਼ ਸਮਾਗਮ 'ਚ ਹਿੱਸਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਨੇ ਅਨਾਜ ਮੰਡੀ 'ਚ ਝੋਨੇ ਦੀ ਚੱਲ ਰਹੀ ਖ਼ਰੀਦ ਦੌਰਾਨ ਇਕ ਢੇਰੀ ਦੀ ਬੋਲੀ ਵੀ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਐੱਮਐੱਲਏ ਰਾਜਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਅਕਤੂਬਰ ਨੂੰ ਸਮਾਣਾ ਵਿਖੇ ਪੁੱਜਣਗੇ ਤੇ ਕਿਸਾਨਾਂ ਦੀ ਹਮਾਇਤ 'ਚ ਵਿਸ਼ਾਲ ਟਰੈਕਟਰ ਰੈਲੀ 'ਚ ਸ਼ਮੂਲੀਅਤ ਕਰਨਗੇ।

ਚੇਅਰਮੈਨ ਲਾਲ ਸਿੰਘ ਨੇ ਇਸ ਮੌਕੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਸਮੇਤ ਇਲਾਕਾ ਵਾਸੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਸਾਰੇ ਬਦਲ ਖੁੱਲ੍ਹੇ ਰੱਖੇ ਹੋਏ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਮਾਹਰਾਂ ਨਾਲ ਮਸ਼ਵਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਦੇ ਖ਼ਾਤਮੇ ਲਈ ਪੂਰੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਕੇਂਦਰੀ ਕਾਨੂੰਨ ਇਕੱਲੇ ਮੰਡੀਕਰਨ ਢਾਂਚੇ ਅਤੇ ਐੱਮਐੱਸਪੀ ਨੂੰ ਹੀ ਖ਼ਤਮ ਨਹੀਂ ਕਰ ਰਹੇ ਬਲਕਿ ਪੰਜਾਬ ਦੀ ਕਿਸਾਨੀ, ਆੜ੍ਹਤੀਆਂ, ਟਰਾਂਸਪੋਰਟਰਾਂ ਤੇ ਕਿਰਤੀਆਂ ਸਮੇਤ ਪੰਜਾਬ ਦੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਨੇ ਇਸ ਮੌਕੇ ਅਕਾਲੀ ਦਲ 'ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੇ ਪਹਿਲਾਂ ਕੇਂਦਰੀ ਕਾਨੂੰਨਾਂ ਦੇ ਸੋਹਲੇ ਗਾਏ ਤੇ ਹੁਣ ਵਿਰੋਧ ਨੂੰ ਵੇਖਦਿਆਂ ਯੂ-ਟਰਨ ਲੈ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਤੇ ਪ੍ਰਧਾਨ ਫੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਵਿਜੇ ਕਾਲੜਾ, ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਫਕੀਰ ਚੰਦ ਬਾਂਸਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਆੜ੍ਹਤੀਆ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਪਵਨ ਬਾਂਸਲ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਪ੍ਰਦਮਨ ਸਿੰਘ ਵਿਰਕ, ਵਾਈਸ ਚੇਅਰਮੈਨ ਹਰਦੀਪ ਸਿੰਘ, ਸ਼ਿਵ ਕੁਮਾਰ, ਯੂਥ ਕਾਂਗਰਸ ਪ੍ਰਧਾਨ ਮੰਨੂ ਸ਼ਰਮਾ, ਅਸ਼ਵਨੀ ਗੁਪਤਾ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਸਵਨੀ ਗੁਪਤਾ, ਸਰਪੰਚ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਧਨੋਰੀ, ਆੜ੍ਤੀ ਐਸੋਸੀਏਸਨ ਦੇ ਸਰਪ੍ਰਸਤ ਅਮਰਜੀਤ ਸਿੰਘ ਸੰਧੂ, ਕਿ੍ਸਨ ਗੋਪਾਲ ਬਿੱਟੂ, ਮੰਗਤ ਮਵੀ, ਜੀਵਨ ਗਰਗ, ਯਸਪਾਲ ਸਿੰਗਲਾ, ਦੀਪੂ ਬਾਲੀ, ਹੀਰਾ ਜੈਨ, ਪ੍ਰਦੀਪ ਸ਼ਰਮਾ, ਬੱਗਾ ਸਰਪੰਚ, ਸੰਕਰ ਜਿੰਦਲ, ਸੰਜੇ ਕਕਰਾਲਾ ਆਦਿ ਵੀ ਹਾਜ਼ਰ ਸਨ।