ਸੰਜੀਵ ਸ਼ਰਮਾ, ਨਾਭਾ : ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਿੱਖ ਕੈਦੀਆਂ ਦੀ ਰਿਹਾਈ ਦੇ ਜਾਰੀ ਕੀਤੇ ਗਏ ਹੁਕਮਾਂ 'ਤੇ ਪੰਜਾਬ ਦੇ 8 ਸਿੱਖ ਕੈਦੀਆਂ ਦੇ ਨਾਂ ਸਾਹਮਣੇ ਆਏ, ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਨਾਭਾ ਵਿਖੇ ਬੰਦ ਹਨ।

ਇਨ੍ਹਾਂ ਵਿਚ ਪਹਿਲਾ ਨਾਂ 55 ਸਾਲਾ ਹਰਿੰਦਰ ਸਿੰਘ ਕਾਲੀ ਦਾ ਹੈ, ਜੋ ਕਿ ਪਹਿਲਾਂ ਹੀ ਅਦਾਲਤ ਤੋਂ ਮਿਲੀ ਜਮਾਨਤ 'ਤੇ ਜੇਲ੍ਹ ਤੋਂ ਬਾਹਰ ਹੈ। ਦੂਜਾ ਨਾਂ ਕੈਦੀ ਲਾਲ ਸਿੰਘ ਦਾ ਹੈ ਕਿ ਜੋ ਕਿ 1992 ਟਾਡਾ ਐਕਟ ਦਿੱਲੀ ਅਤੇ 1993-94 ਗੁਜਰਾਤ ਮਾਮਲਿਆਂ ਵਿਚ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਇਸ ਸਬੰਧੀ ਜਦੋਂ ਮੈਕਸੀਮਮ ਸਕਿਓਰਿਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਦੀਆਂ ਦੀ ਰਿਹਾਈ ਲਈ ਲਾਲ ਸਿੰਘ ਦਾ ਨਾਂ ਸੂਚੀ ਵਿਚ ਜ਼ਰੂਰ ਹੈ ਪਰ ਪ੍ਰਸ਼ਾਸਨ ਵੱਲੋਂ ਲਾਲ ਸਿੰਘ ਦੀ ਰਿਹਾਈ ਲਈ ਕੋਈ ਵੀ ਹੁਕਮ ਉਨ੍ਹਾਂ ਨੂੰ ਨਹੀਂ ਮਿਲੇ, ਜਿਸ ਕਰ ਕੇ ਅਜੇ ਰਿਹਾਈ ਨਹੀਂ ਹੋ ਸਕੀ। ਉਨ੍ਹਾਂ ਲਾਲ ਸਿੰਘ ਤੇ ਹੋਰ ਮਾਮਲੇ ਸਬੰਧੀ ਕੀਤੇ ਸਵਾਲ 'ਤੇ ਕਿਹਾ ਕਿ ਲਾਲ ਸਿੰਘ 'ਤੇ ਹੋਰ ਕੋਈ ਵੀ ਮਾਮਲਾ ਬਕਾਇਆ ਨਹੀਂ ਹੈ।

ਲਾਲ ਸਿੰਘ ਗੁਜਰਾਤ ਸਰਕਾਰ ਵੱਲੋਂ ਲਾਏ ਗਏ ਟਾਡਾ ਐਕਟ ਅਧੀਨ ਮੈਕਸੀਮਮ ਸਕਿਓਰਿਟੀ ਜੇਲ੍ਹ ਵਿਚ ਬੰਦ ਹੈ, ਇਸ ਲਈ ਜਦੋਂ ਤਕ ਗੁਜਰਾਤ ਸਰਕਾਰ ਲਾਲ ਸਿੰਘ ਨੂੰ ਰਿਹਾਈ ਦੇ ਹੁਕਮ ਜਾਰੀ ਨਹੀਂ ਕਰਦੀ, ਉਦੋਂ ਤਕ ਉਸ ਦੀ ਰਿਹਾਈ ਸੰਭਵ ਨਹੀਂ ਹੈ। ਇਸ ਲਈ ਲਾਲ ਸਿੰਘ ਦੀ ਰਿਹਾਈ ਅਗਲੇ ਕੁਝ ਦਿਨ ਤਕ ਲਟਕ ਸਕਦੀ ਹੈ।