ਪੱਤਰ ਪ੍ਰਰੇਰਕ, ਪਟਿਆਲਾ : ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਵਫ਼ਦ ਗੁਰਬਖਸ਼ ਸਿੰਘ ਬਲਬੇੜ੍ਹਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਉਪ ਮੁੱਖ ਇੰਜੀਨੀਅਰ ਟੂ ਸੀਐੱਮਡੀ ਹਰਜੀਤ ਸਿੰਘ ਨੂੰ ਮਿਲਿਆ। ਵਫ਼ਦ ਵਲੋਂ ਖੇਤੀਬਾੜੀ ਟਿਊਬਵੈਲ ਮੋਟਰਾਂ ਲਈ ਕਮਰਸ਼ੀਅਲ ਸਰਕੂਲਰ ਰਾਹੀਂ ਸਵੈ ਇੱਛਤ ਜੋ ਲੋਡ ਵਿਚ ਵਾਧੇ ਦੀ ਯੋਜਨਾ ਜਾਰੀ ਕੀਤੀ ਸੀ ਦੀ ਮਿਆਦ ਵਿਚ ਵਾਧਾ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਲੋਡ ਵਧਾਉਣ ਲਈ ਕਿਸਾਨਾਂ ਨੂੰ 4500 ਰੁਪਏ ਪ੍ਰਤੀ ਹਾਰਸ ਪਾਵਰ ਦੀ ਥਾਂ 2500 ਰੁਪਏ ਹਾਰਸ ਪਾਵਰ ਕੀਤਾ ਗਿਆ ਸੀ। ਇਸ ਯੋਜਨਾਂ ਦੀ ਮਿਆਦ ਹੁਣ 31 ਅਕਤੂਬਰ ਤੱਕ ਹੀ ਰੱਖੀ ਗਈ ਹੈ। ਇਸ ਸਕੀਮ ਦਾ ਵੱਡੀ ਗਿਣਤੀ ਵਿਚ ਲਾਹਾ ਲੈਣ ਤੋਂ ਕਿਸਾਨ ਵਾਂਝੇ ਰਹਿ ਗਏ ਹਨ, ਕਿਉਂਕਿ ਝੋਨੇ ਦੇ ਫਸਲ ਦੀ ਕਟਾਈ ਹਾਲੇ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ। ਅਜੇ ਤੱਕ ਕਿਸਾਨਾਂ ਨੂੰ ਝੋਨਾ ਵੇਚਣ ਦੀ ਅਦਾਇਗੀ ਨਹੀਂ ਹੋਈ ਹੈ। ਇਸ ਲਈ ਉਹ ਲੋਡ ਵਿਚ ਵਾਧਾ ਕਰਾਉਣ ਤੋਂ ਅਸਮਰੱਥ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਟਿਊਬਵੈਲ ਮੋਟਰਾਂ ਦੇ ਲੋਡ ਵਿਚ ਵਾਧੇ ਲਈ ਸਵੈ ਇੱਛੁਤ ਯੋਜਨਾ ਇਕ ਮਹੀਨਾ ਹੋਰ 30 ਨਵੰਬਰ 2019 ਤੱਕ ਵਾਧਾ ਕੀਤਾ ਜਾਵੇ। ਹਰਜੀਤ ਸਿੰਘ ਉਪ ਮੁੱਖ ਇੰਜੀਨੀਅਰ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਲੋਡ ਪ੍ਰਤੀ ਵਿਚਾਰ ਚਰਚਾ ਕੀਤੀ ਜਾਵੇਗੀ।